ਅੰਮਿ੍ਤਸਰ, 3 ਜੂਨ (ਸੁਰਿੰਦਰ ਕੋਛੜ)-ਇਸਲਾਮਾਬਾਦ 'ਚ ਮਸ਼ਹੂਰ ਟਿਕਟਾਕਰ ਸਨਾ ਯੂਸਫ਼ (17) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਇਹ ਘਟਨਾ ਇਸਲਾਮਾਬਾਦ ਦੇ ਸੈਕਟਰ ਜੀ-13 'ਚ ਉਸ ਦੇ ਘਰ 'ਚ ਹੀ ਵਾਪਰੀ, ਜੋ ਕਿ ਸੁੰਬਲ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ | ਪੁਲਿਸ ਅਨੁਸਾਰ ਸਨਾ ਯੂਸਫ਼ ਦੇ ਕਾਤਲ (22) ਵਾਸੀ ਫੈਸਲਾਬਾਦ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਹਥਿਆਰ ਤੇ ਸਨਾ ਦਾ ਆਈ ਫ਼ੋਨ ਵੀ ਬਰਾਮਦ ਕਰ ਲਿਆ ਗਿਆ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਨਾ ਯੂਸਫ਼ ਮੂਲ ਰੂਪ 'ਚ ਅੱਪਰ ਚਿਤਰਾਲ ਦੀ ਰਹਿਣ ਵਾਲੀ ਸੀ ਤੇ ਦੋਸ਼ੀ ਉਸ ਨੂੰ ਲੰਬੇ ਸਮੇਂ ਤੋਂ ਤੰਗ ਪ੍ਰੇਸ਼ਾਨ ਕਰਕੇ ਉਸ ਨਾਲ ਦੋਸਤੀ ਕਰਨ ਲਈ ਮਜਬੂਰ ਕਰ ਰਿਹਾ ਸੀ | ਬੀਤੇ ਦਿਨ ਉਹ ਉਸ ਦੇ ਘਰ ਪਹੁੰਚਿਆ ਤੇ ਲਗਾਤਾਰ 6 ਘੰਟੇ ਦੀ ਬਹਿਸ ਤੋਂ ਬਾਅਦ ਉਹ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ | ਸਨਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਭੇਜ ਦਿੱਤਾ ਗਿਆ ਹੈ |