ਕਰਾਚੀ ਦੀ ਜੇਲ੍ਹ 'ਚੋਂ 213 ਕੈਦੀ ਫ਼ਰਾਰ, 80 ਨੂੰ ਦੁਬਾਰਾ ਕੀਤਾ ਗਿ੍ਫ਼ਤਾਰ <br/>
ਅਜੀਤ ਡੈਸਕ
04-06-2025
ਅੰਮਿ੍ਤਸਰ, 3 ਜੂਨ-ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਮਲੀਰ ਜੇਲ੍ਹ 'ਚ ਬੀਤੀ ਰਾਤ ਵੱਡੀ ਗਿਣਤੀ ਕੈਦੀਆਂ ਨੇ ਅਧਿਕਾਰੀਆਂ ਖ਼ਿਲਾਫ਼ ਬਗ਼ਾਵਤ ਕਰਦਿਆਂ ਜੇਲ੍ਹ ਅੰਦਰ ਮੌਜੂਦ ਉਨ੍ਹਾਂ ਦੇ ਦਫ਼ਤਰਾਂ, ਮੁਲਾਕਾਤੀਆਂ ਦੇ ਕਮਰਿਆਂ ਤੇ ਬੈਰਕਾਂ ਆਦਿ ਸਮੇਤ ਉੱਥੇ ਰੱਖੇ ਫ਼ਰਨੀਚਰ ਤੇ ਹੋਰ ਸਾਮਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ | ਇਸ ਕਾਰਵਾਈ ਉਪਰੰਤ ਲਗਭਗ 213 ਕੈਦੀ ਉੱਥੋਂ ਫ਼ਰਾਰ ਹੋ ਗਏ, ਜਿਨ੍ਹਾਂ 'ਚੋਂ 80 ਨੂੰ ਦੁਬਾਰਾ ਹਿਰਾਸਤ 'ਚ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਸਿੰਧ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਗ਼ੁਲਾਮ ਨਬੀ ਮੇਮਨ ਨੇ ਦਾਅਵਾ ਕੀਤਾ ਕਿ ਭੁਚਾਲ ਦੇ ਝਟਕਿਆਂ ਕਾਰਨ ਕਰਾਚੀ ਦੀ ਮਲੀਰ ਜੇਲ੍ਹ ਦੀਆਂ ਸੁਰੱਖਿਆ ਕੰਧਾਂ ਤੇ ਬੈਰਕਾਂ ਕਮਜ਼ੋਰ ਹੋ ਗਈਆਂ ਸਨ, ਜਿਨ੍ਹਾਂ ਨੂੰ ਡੇਗਣ ਤੋਂ ਬਾਅਦ ਕੈਦੀਆਂ ਨੂੰ ਉੱਥੋਂ ਭੱਜਣ ਦਾ ਮੌਕਾ ਮਿਲ ਗਿਆ | ਉਨ੍ਹਾਂ ਕਿਹਾ ਕਿ ਭੁਚਾਲ ਤੋਂ ਬਾਅਦ ਜੇਲ੍ਹ ਦੀ ਇਮਾਰਤ ਦੇ ਢਹਿ-ਢੇਰੀ ਹੋ ਜਾਣ ਤੋਂ ਬਚਾਅ ਲਈ ਕੈਦੀਆਂ ਨੂੰ ਸਾਵਧਾਨੀ ਵਜੋਂ ਇਕ ਖੁੱਲ੍ਹੇ ਵਿਹੜੇ 'ਚ ਇਕੱਠਾ ਕੀਤਾ ਗਿਆ ਸੀ | ਮੇਮਨ ਨੇ ਇਹ ਵੀ ਪੁਸ਼ਟੀ ਕੀਤੀ ਕਿ ਫ਼ਰਾਰ ਕੈਦੀਆਂ 'ਚੋਂ ਲਗਭਗ 133 ਨੂੰ ਅਜੇ ਤੱਕ ਕਾਬੂ ਨਹੀਂ ਕੀਤਾ ਜਾ ਸਕਿਆ ਹੈ | ਦੂਜੇ ਪਾਸੇ ਇਸ ਘਟਨਾ ਦੇ ਚਸ਼ਮਦੀਦ ਗਵਾਹ ਤੇ ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਕੈਦੀ ਜੇਲ੍ਹ ਦੀ ਕੰਧ ਤੋੜ ਕੇ ਨਹੀਂ ਭੱਜੇ, ਸਗੋਂ ਜੇਲ੍ਹ ਦੇ ਮੁੱਖ ਗੇਟ ਰਾਹੀਂ ਬਾਹਰ ਨਿਕਲੇ ਸਨ | ਕੈਦੀਆਂ ਨੇ ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਤੋਂ ਹਥਿਆਰ ਖੋਹ ਕੇ ਉਨ੍ਹਾਂ 'ਤੇ ਗੋਲੀਬਾਰੀ ਵੀ ਕੀਤੀ, ਜਿਸ ਨਾਲ 5 ਕੈਦੀ ਤੇ ਫ਼ਰੰਟੀਅਰ ਕਾਂਸਟੇਬੁਲਰੀ (ਐੱਫ.ਸੀ.) ਦੇ ਕਈ ਕਰਮਚਾਰੀ ਜ਼ਖ਼ਮੀ ਹੋ ਗਏ | ਉਨ੍ਹਾਂ ਨੇ ਕਿਹਾ ਕਿ ਘਟਨਾ ਦੇ ਬਾਅਦ ਪਹਿਲਾਂ ਆਈ. ਜੀ. ਪੀ. ਮੇਮਨ ਨੇ ਵੀ ਇਹੋ ਪੁਸ਼ਟੀ ਕੀਤੀ ਸੀ, ਪਰ ਫਿਰ ਉਨ੍ਹਾਂ ਇਸ ਸਾਰੇ ਮਾਮਲੇ ਨੂੰ ਨਾਟਕੀ ਰੂਪ ਦਿੰਦਿਆਂ ਕੈਦੀਆਂ ਦੇ ਭੱਜਣ ਦਾ ਕਾਰਨ ਜੇਲ੍ਹ ਦੀ ਕਮਜ਼ੋਰ ਕੰਧ ਨੂੰ ਦੱਸ ਦਿੱਤਾ | ਸੋਸ਼ਲ ਮੀਡੀਆ 'ਤੇ ਸ਼ੇਅਰ ਹੋਈਆਂ ਵੀਡੀਓਜ਼ 'ਚ ਮਲੀਰ ਜੇਲ੍ਹ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਭਾਰੀ ਗੋਲੀਬਾਰੀ ਸੁਣਾਈ ਦੇ ਰਹੀ ਹੈ | ਕੁਝ ਫੁਟੇਜ਼ 'ਚ ਕੈਦੀਆਂ ਨੂੰ ਸੜਕ ਕਿਨਾਰੇ ਭੱਜਦੇ ਵੀ ਵਿਖਾਇਆ ਗਿਆ ਹੈ | ਇਸ ਹਫੜਾ-ਦਫੜੀ ਦੌਰਾਨ 1 ਕੈਦੀ ਦੀ ਮੌਤ ਹੋ ਗਈ |