ਨਵੀਂ ਦਿੱਲੀ, 4 ਜੂਨ (ਪੀ.ਟੀ.ਆਈ.)-ਵਿਸ਼ਵ ਵਾਤਾਵਰਨ ਦਿਵਸ (5 ਜੂਨ) ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਤੋਂ ਗੁਜਰਾਤ ਤੱਕ ਫੈਲੀ 700 ਕਿਲੋਮੀਟਰ ਲੰਬੀ ਅਰਾਵਲੀ ਪਹਾੜੀ ਲੜੀ ਨੂੰ ਮੁੜ ਜੰਗਲ 'ਚ ਬਦਲਣ ਲਈ ਇਕ ਵਿਸ਼ੇਸ਼ ਪਹਿਲਕਦਮੀ ਦੀ ਸ਼ੁਰੂਆਤ ਕਰਨਗੇ | ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਵਲੋਂ ਜਾਰੀ ਬਿਆਨ ਅਨੁਸਾਰ ਮੋਦੀ ਵੀਰਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਦੇ ਭਗਵਾਨ ਮਹਾਂਵੀਰ ਵਨਸਥਲੀ ਪਾਰਕ ਵਿਖੇ 'ਏਕ ਪੇੜ ਮਾਂ ਕੇ ਨਾਮ' ਪਹਿਲਕਦਮੀ ਤਹਿਤ ਇਕ ਬੋਹੜ ਦਾ ਬੂਟਾ ਲਗਾਉਣਗੇ | ਬਿਆਨ 'ਚ ਕਿਹਾ ਗਿਆ ਹੈ ਕਿ ਇਹ ਅਰਾਵਲੀ ਗ੍ਰੀਨ ਵਾਲ ਪ੍ਰਾਜੈਕਟ ਦਾ ਹਿੱਸਾ ਹੋਵੇਗਾ, ਜਿਸ ਦਾ ਉਦੇਸ਼ 700 ਕਿਲੋਮੀਟਰ ਲੰਬੀ ਅਰਾਵਲੀ ਰੇਂਜ ਨੂੰ ਮੁੜ ਜੰਗਲ 'ਚ ਬਦਲਣਾ ਹੈ | ਇਹ ਪ੍ਰਾਜੈਕਟ ਦਿੱਲੀ, ਰਾਜਸਥਾਨ, ਹਰਿਆਣਾ ਤੇ ਗੁਜਰਾਤ ਸਮੇਤ ਚਾਰ ਰਾਜਾਂ ਦੇ 29 ਜ਼ਿਲਿ੍ਹਆਂ 'ਚ ਭਾਰਤ ਦੀ ਸਭ ਤੋਂ ਪੁਰਾਣੀ ਪਹਾੜੀ ਲੜੀ ਦੇ ਆਲੇ -ਦੁਆਲੇ ਪੰਜ ਕਿਲੋਮੀਟਰ ਬਫਰ ਖੇਤਰ 'ਚ ਹਰਿਆਲੀ ਫੈਲਾਉਣ ਲਈ ਇਕ ਵੱਡੀ ਪਹਿਲਕਦਮੀ ਹੈ | ਇਸ ਦਾ ਉਦੇਸ਼ ਜੰਗਲਾਤ, ਮੁੜ ਜੰਗਲਾਤ ਤੇ ਜਲ ਸਰੋਤਾਂ ਦੀ ਬਹਾਲੀ ਰਾਹੀਂ ਅਰਾਵਲੀ ਦੀ ਜੈਵ ਵਿਭਿੰਨਤਾ ਨੂੰ ਵਧਾਉਣਾ ਹੈ | ਇਹ ਖੇਤਰ ਦੀ ਮਿੱਟੀ ਦੀ ਉਪਜਾਊ ਸ਼ਕਤੀ, ਪਾਣੀ ਦੀ ਉਪਲਬਧਤਾ ਤੇ ਜਲਵਾਯੂ ਲਚਕੀਲੇਪਣ ਨੂੰ ਬਿਹਤਰ ਬਣਾਉਣ 'ਚ ਵੀ ਮਦਦ ਕਰੇਗਾ | ਇਸ 'ਚ ਕਿਹਾ ਗਿਆ ਹੈ ਕਿ ਇਹ ਪ੍ਰਾਜੈਕਟ ਸਥਾਨਕ ਭਾਈਚਾਰਿਆਂ ਨੂੰ ਰੁਜ਼ਗਾਰ ਤੇ ਆਮਦਨ ਪੈਦਾ ਕਰਨ ਦੇ ਮੌਕੇ ਪ੍ਰਦਾਨ ਕਰਕੇ ਲਾਭ ਪਹੁੰਚਾਏਗਾ |
ਅਰਾਵਲੀ ਰੇਂਜ ਨੂੰ ਮੁੜ ਜੰਗਲ 'ਚ ਤਬਦੀਲ ਕਰਨ ਲਈ ਅੱਜ ਵਿਸ਼ੇਸ਼ ਪਹਿਲਕਦਮੀ ਸ਼ੁਰੂ ਕਰਨਗੇ ਮੋਦੀ
ਅਜੀਤ ਡੈਸਕ
05-06-2025