29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬੈਂਗਲੁਰੂ 'ਚ ਆਰ.ਸੀ.ਬੀ. ਦੀ ਜੇਤੂ ਪਰੇਡ ਦੌਰਾਨ ਭਾਜੜ-11 ਮੌਤਾਂ <br/>

Ad Position 21
No active advertisement
ਅਜੀਤ ਡੈਸਕ 05-06-2025

ਬੈਂਗਲੁਰੂ, 4 ਜੂਨ (ਪੀ. ਟੀ. ਆਈ.)-ਇਥੇ ਐਮ. ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਰਾਇਲ ਚੈਲੇਂਜ਼ਰਸ ਬੈਂਗਲੁਰੂ (ਆਰ.ਸੀ.ਬੀ.) ਦੀ ਪਹਿਲੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਜਿੱਤ ਦੇ ਜਸ਼ਨ ਬੁੱਧਵਾਰ ਨੂੰ ਉਸ ਸਮੇਂ ਦੁਖਾਂਤ 'ਚ ਬਦਲ ਗਏ, ਜਦੋਂ ਪ੍ਰਸੰਸਕਾਂ ਦੀ ਭਾਰੀ ਭੀੜ ਬੇਕਾਬੂ ਹੋ ਜਾਣ ਕਾਰਨ ਮਚੀ ਭਾਜੜ 'ਚ 11 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 30 ਤੋਂ ਵੱਧ ਜ਼ਖ਼ਮੀ ਹੋ ਗਏ | ਇਹ ਘਟਨਾ ਸ਼ਹਿਰ ਦੇ ਦਿਲ 'ਚ ਸਥਿਤ ਉਕਤ ਸਟੇਡੀਅਮ ਦੇ ਇਕ ਗੇਟ 'ਤੇ ਵਾਪਰੀ, ਜਿਥੇ ਲੱਖਾਂ ਪ੍ਰਸੰਸਕ ਇਕੱਠੇ ਹੋਏ ਸਨ, ਜੋ ਆਪਣੀ ਜੇਤੂ ਟੀਮ ਅਤੇ ਆਈ.ਪੀ.ਐਲ. ਟਰਾਫ਼ੀ ਦੀ ਇਕ ਝਲਕ ਦੇਖਣ ਲਈ ਉਤਸੁਕ ਸਨ | ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸਟੇਡੀਅਮ ਦਾ ਉਕਤ ਗੇਟ ਨਹੀਂ ਖੁੱਲਿ੍ਹਆ ਸੀ ਅਤੇ ਵੱਡੀ ਗਿਣਤੀ 'ਚ ਲੋਕ ਇਸ ਗੇਟ ਨੂੰ ਧੱਕੇ ਮਾਰ ਕੇ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ | ਇਸ ਦੌਰਾਨ ਪੁਲਿਸ ਵਲੋਂ ਲਾਠੀਚਾਰਜ ਕਰਨ 'ਤੇ ਭਾਜੜ ਮਚ ਗਈ | ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਕਰੀਬ ਇਕ ਲੱਖ ਪ੍ਰਸੰਸਕਾਂ ਦੇ ਆਉਣ ਦੀ ਉਮੀਦ ਸੀ ਪਰ ਇਹ ਗਿਣਤੀ 2 ਲੱਖ ਦੇ ਕਰੀਬ ਪਹੁੰਚ ਗਈ | ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਅਤੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਵਲੋਂ ਵਿਧਾਨ ਸਭਾ ਵਿਖੇ ਕੀਤੇ ਗਏ ਸਨਮਾਨ ਤੋਂ ਬਾਅਦ ਆਰ.ਸੀ.ਬੀ. ਟੀਮ ਐਮ. ਚਿੰਨਾਸਵਾਮੀ ਸਟੇਡੀਅਮ ਪੁੱਜੀ ਸੀ | ਪੁਲਿਸ ਸੂਤਰਾਂ ਅਨੁਸਾਰ ਭੀੜ ਵਧਣ ਦੇ ਬਾਵਜੂਦ ਸਟੇਡੀਅਮ ਦੇ ਗੇਟ ਬੰਦ ਰਹਿਣ 'ਤੇ ਸਥਿਤੀ ਕਾਬੂ ਤੋਂ ਬਾਹਰ ਹੋ ਗਈ, ਜਿਸ ਕਾਰਨ ਇਕ ਪ੍ਰਵੇਸ਼ ਦੁਆਰ ਦੇ ਨੇੜੇ ਭਾਜੜ ਮਚ ਗਈ | ਚਸ਼ਮਦੀਦਾਂ ਅਨੁਸਾਰ ਕਈ ਲੋਕ ਭੀੜ 'ਚ ਡਿੱਗ ਪਏ ਅਤੇ ਕੁਚਲੇ ਗਏ | ਜ਼ਖ਼ਮੀਆਂ ਨੂੰ ਸ਼ਿਵਾਜੀਨਗਰ ਦੇ ਬੋਰਿੰਗ ਅਤੇ ਲੇਡੀ ਕਰਜ਼ਨ ਹਸਪਤਾਲ ਲਿਜਾਇਆ ਗਿਆ | ਸਟੇਡੀਅਮ 'ਚ ਆਰ.ਸੀ.ਬੀ. ਟੀਮ ਦੀ ਨਿਰਧਾਰਤ ਜਨਤਕ ਪੇਸ਼ਕਾਰੀ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤੀ ਗਈ ਹੈ |
ਬਹੁਤ ਭੀੜ, ਮੁਫ਼ਤ ਪਾਸ ਬਣੇ ਭਾਜੜ ਦੇ ਕਾਰਨ
ਜੇਤੂ ਪਰੇਡ ਨੂੰ ਲੈ ਕੇ ਉਲਝਣ, ਮੁਫ਼ਤ ਪਾਸ, ਬਹੁਤ ਜ਼ਿਆਦਾ ਭੀੜ ਅਤੇ ਚਿੰਨਾਸਵਾਮੀ ਸਟੇਡੀਅਮ 'ਚ ਸੀਮਤ ਸੀਟਾਂ ਭਾਜੜ ਲਈ ਕੁਝ ਮੁੱਖ ਕਾਰਨ ਦੱਸੇ ਜਾ ਰਹੇ ਹਨ | ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤੀ ਹਫੜਾ-ਦਫੜੀ, ਜੋ ਬਾਅਦ 'ਚ ਭਾਜੜ 'ਚ ਬਦਲ ਗਈ, ਜਦੋਂ ਕਈ ਕ੍ਰਿਕਟ ਪ੍ਰੇਮੀਆਂ ਨੇ ਸਟੇਡੀਅਮ 'ਚ ਦਾਖਲਾ ਟਿਕਟਾਂ ਨਾ ਹੋਣ ਕਰਕੇ ਉਨ੍ਹਾਂ ਲੋਕਾਂ ਦੇ ਨਾਲ-ਨਾਲ ਅਹਾਤੇ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਕੋਲ ਜਾਇਜ਼ ਟਿਕਟਾਂ ਸਨ | ਹਫੜਾ-ਦਫੜੀ ਦÏਰਾਨ ਕੁਝ ਲੋਕ ਜ਼ਮੀਨ 'ਤੇ ਡਿੱਗੇ, ਕੁਝ ਸਟੇਡੀਅਮ 'ਚ ਦਾਖ਼ਲ ਹੋਣ ਲਈ ਵੱਡੇ ਗੇਟਾਂ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਜ਼ਖ਼ਮੀ ਹੋਏ |
ਨਵੀਂ ਦਿੱਲੀ, (ਪੀ. ਟੀ. ਆਈ.)-ਬੀ.ਸੀ.ਸੀ.ਆਈ. ਸਕੱਤਰ ਦੇਵਜੀਤ ਸੈਕੀਆ ਨੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਮਚੀ ਭਾਜੜ ਦੇ ਸੰਬੰਧ 'ਚ ਕਿਹਾ ਕਿ ਆਰ.ਸੀ.ਬੀ. ਦੇ ਆਈ.ਪੀ.ਐਲ. ਟਰਾਫ਼ੀ ਜਿੱਤਣ ਦੇ ਜਸ਼ਨਾਂ ਦੀ ਯੋਜਨਾ ਬਿਹਤਰ ਢੰਗ ਨਾਲ ਬਣਾਈ ਜਾਣੀ ਚਾਹੀਦੀ ਸੀ | ਸੈਕੀਆ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ | ਇਹ ਪ੍ਰਸਿੱਧੀ ਦਾ ਇਕ ਨਕਾਰਾਤਮਿਕ ਪੱਖ ਹੈ | ਲੋਕ ਆਪਣੇ ਕਿ੍ਕਟਰਾਂ ਲਈ ਪਾਗਲ ਹਨ | ਪ੍ਰਬੰਧਕਾਂ ਨੂੰ ਇਸ ਦੀ ਬਿਹਤਰ ਢੰਗ ਨਾਲ ਯੋਜਨਾ ਬਣਾਉਣੀ ਚਾਹੀਦੀ ਸੀ | ਮਿ੍ਤਕਾਂ ਦੇ ਪਰਿਵਾਰ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ | ਮੈਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ |
ਖੜਗੇ ਤੇ ਰਾਹੁਲ ਗਾਂਧੀ ਵਲੋਂ ਦੁੱਖ ਪ੍ਰਗਟ
ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਬੈਂਗਲੁਰੂ 'ਚ ਵਾਪਰੀ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਮੰਦਭਾਗੀ ਘਟਨਾ 'ਚ ਕੀਮਤੀ ਜਾਨਾਂ ਦਾ ਨੁਕਸਾਨ ਅਤੇ ਬਹੁਤ ਸਾਰੇ ਲੋਕਾਂ ਦਾ ਜ਼ਖ਼ਮੀ ਹੋ ਜਾਣਾ ਬਹੁਤ ਦੁਖਦਾਈ ਹੈ | ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਸੰਵੇਦਨਾ ਉਨ੍ਹਾਂ ਪਰਿਵਾਰਾਂ ਦੇ ਨਾਲ ਹੈ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ | ਜ਼ਖ਼ਮੀਆਂ ਦੀ ਜਲਦੀ ਅਤੇ ਪੂਰੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ | ਦੁੱਖ ਦੀ ਇਸ ਘੜੀ 'ਚ ਮੈਂ ਬੈਂਗਲੁਰੂ ਦੇ ਲੋਕਾਂ ਦੇ ਨਾਲ ਖੜ੍ਹਾ ਹਾਂ |
ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਾਂ ਵਲੋਂ ਦੁੱਖ ਪ੍ਰਗਟ
ਨਵੀਂ ਦਿੱਲੀ, 4 ਜੂਨ (ਪੀ. ਟੀ. ਆਈ.)- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਬੈਂਗਲੁਰੂ 'ਚ ਭਾਜੜ 'ਚ ਜਾਨਾਂ ਦਾ ਨੁਕਸਾਨ ਹੈਰਾਨ ਕਰਨ ਵਾਲਾ ਅਤੇ ਦਿਲ ਦਹਿਲਾ ਦੇਣ ਵਾਲਾ ਹੈ | ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਮਿ੍ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ 'ਚ ਵਾਪਰੀ ਘਟਨਾ ਨੂੰ 'ਬਿਲਕੁਲ ਦਿਲ ਦਹਿਲਾ ਦੇਣ ਵਾਲੀ' ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਇਕ ਦੁੱਖਦਾਈ ਘੜੀ 'ਚ ਮੇਰੇ ਵਿਚਾਰ ਉਨ੍ਹਾਂ ਸਾਰਿਆਂ ਨਾਲ ਹਨ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ | ਮੈਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ | ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਜਾਨੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ |
ਸਿੱਧਾਰਮਈਆ ਵਲੋਂ ਸਹਾਇਤਾ ਰਾਸ਼ੀ ਦਾ ਐਲਾਨ
ਬੈਂਗਲੁਰੂ, 4 ਜੂਨ (ਯੂ. ਐਨ. ਆਈ.)-ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਹਰੇਕ ਮਿ੍ਤਕ ਦੇ ਪਰਿਵਾਰਾਂ ਲਈ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ | ਸਿੱਧਾਰਮਈਆ ਨੇ ਕਿਹਾ ਕਿ ਸਟੇਡੀਅਮ 'ਚ ਸਿਰਫ਼ 35,000 ਲੋਕ ਬੈਠ ਸਕਦੇ ਹਨ, ਪਰ ਦੋ ਤੋਂ ਤਿੰਨ ਲੱਖ ਤੋਂ ਵੱਧ ਪ੍ਰਸੰਸਕ ਆਏ | ਐਮ. ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਇਕੱਠੇ ਹੋ ਗਏ | ਉਨ੍ਹਾਂ ਵਲੋਂ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਸੰਸਦ ਦਾ ਮੌਨਸੂਨ ਇਜਲਾਸ 21 ਜੁਲਾਈ ਤੋਂ ਸ਼ੁਰੂ <br/> ਅਗਲੀ ਖ਼ਬਰ ਅਰਾਵਲੀ ਰੇਂਜ ਨੂੰ ਮੁੜ ਜੰਗਲ 'ਚ ਤਬਦੀਲ ਕਰਨ ਲਈ ਅੱਜ ਵਿਸ਼ੇਸ਼ ਪਹਿਲਕਦਮੀ ਸ਼ੁਰੂ ਕਰਨਗੇ ਮੋਦੀ
Ad Position 24