ਜਾਸੂਸੀ ਦੇ ਦੋਸ਼ ਹੇਠ ਪੰਜਾਬ ਦਾ ਇਕ ਯੂਟਿਊਬਰ ਗਿ੍ਫ਼ਤਾਰ
ਅਜੀਤ ਡੈਸਕ
05-06-2025
ਐੱਸ.ਏ.ਐੱਸ. ਨਗਰ, 4 ਜੂਨ (ਕਪਿਲ ਵਧਵਾ)-ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤੇ ਗਏ ਨੌਜਵਾਨ ਯੂਟਿਊਬਰ ਜਸਬੀਰ ਸਿੰਘ ਵਾਸੀ ਪਿੰਡ ਮਹਿਲਾਂ (ਰੂਪਨਗਰ) ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਭਾਰੀ ਸੁਰੱਖਿਆ ਹੇਠ ਅੱਜ ਮੁਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ | ਜਾਣਕਾਰੀ ਅਨੁਸਾਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਜਸਬੀਰ ਸਿੰਘ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਭਾਰਤੀ ਫ਼ੌਜ ਦੇ ਆਪ੍ਰੇਸ਼ਨ ਸੰਧੂਰ ਦੀ ਜਾਣਕਾਰੀ ਦਿੱਲੀ ਵਿਖੇ ਤਾਇਨਾਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ
ਅਹਿਸਾਨ-ਉਰ-ਰਹਿਮਾਨ ਉਰਫ਼ ਦਾਨਿਸ਼ ਨੂੰ ਮੁਹੱਈਆ ਕਰਵਾਈ ਹੈ | ਇਸ ਤੋਂ ਇਲਾਵਾ ਉਸ ਵਲੋਂ ਸਾਲ 2020-21 ਤੇ 2024 'ਚ ਪਾਕਿਸਤਾਨ ਦੀ ਕੀਤੀ ਗਈ ਯਾਤਰਾ ਨੂੰ ਵੀ ਸ਼ੱਕੀ ਦੱਸਿਆ ਗਿਆ ਹੈ ਤੇ ਉਸ ਦੇ ਫ਼ੋਨ ਆਦਿ ਜਾਂਚ ਲਈ ਜ਼ਬਤ ਕੀਤੇ ਗਏ ਹਨ | ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੁਹਾਲੀ ਵਿਖੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਅੱਜ ਅਦਾਲਤ 'ਚ ਪੇਸ਼ੀ ਦੌਰਾਨ ਪੁਲਿਸ ਅਧਿਕਾਰੀਆਂ ਨੇ ਸਰਕਾਰੀ ਵਕੀਲ ਰਾਹੀਂ ਡਿਊਟੀ ਮੈਜਿਸਟ੍ਰੇਟ ਅੱਗੇ ਮੁਲਜ਼ਮ ਤੋਂ ਪੁੱਛਗਿੱਛ ਕਰਨ ਲਈ 7 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ, ਪਰ ਇਸ ਦੇ ਵਿਰੋਧ 'ਚ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਜਸਬੀਰ ਸਿੰਘ ਪੁਲਿਸ ਵਲੋਂ ਪ੍ਰਵਾਨਾ ਤਮੀਲ ਹੋਣ 'ਤੇ ਜਾਂਚ 'ਚ ਸਹਿਯੋਗ ਦੇਣ ਲਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਿਖੇ ਖ਼ੁਦ ਪੇਸ਼ ਹੁੰਦਾ ਰਿਹਾ ਹੈ ਤੇ ਉਸ ਨੇ ਭਾਰਤ ਦੀ ਜਾਸੂਸੀ ਕਰਨ 'ਚ ਭੂਮਿਕਾ ਅਦਾ ਨਹੀਂ ਕੀਤੀ | ਇਸ ਤੋਂ ਬਾਅਦ ਡਿਊਟੀ ਮੈਜਿਸਟ੍ਰੇਟ ਮੇਘਾ ਧਾਲੀਵਾਲ ਦੀ ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ | ਹੁਣ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਇਸ ਤੋਂ ਪਹਿਲਾਂ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਜੋਤੀ ਮਲਹੋਤਰਾ (ਹਰਿਆਣਾ ਆਧਾਰਿਤ ਯੂਟਿਊਬਰ) ਤੇ ਹੋਰਾਂ ਸ਼ੱਕੀ ਅਨਸਰਾਂ ਨਾਲ ਜਸਬੀਰ ਸਿੰਘ ਦੇ ਸੰਬੰਧਾਂ ਦੀ ਜਾਂਚ ਕਰੇਗੀ | ਜ਼ਿਕਰਯੋਗ ਹੈ ਕਿ ਭਾਰਤ-ਪਾਕਿ ਵਿਚਕਾਰ ਤਣਾਅ ਤੋਂ ਬਾਅਦ ਹੁਣ ਤੱਕ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਪੰਜਾਬ 'ਚੋਂ ਕਰੀਬ 8 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ |