ਮੀਂਹ ਨੇ ਤੋੜਿਆ 25 ਸਾਲਾਂ ਦਾ ਰਿਕਾਰਡ, ਹੁਣ ਤੱਕ 14936 ਨੂੰ ਬਚਾਇਆ, 6582 ਵਿਅਕਤੀਆਂ ਨੂੰ ਰਾਹਤ ਕੈਂਪਾਂ 'ਚ ਠਹਿਰਾਇਆ
ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 31 ਅਗਸਤ-ਪੰਜਾਬ ਇਸ ਵੇਲੇ ਆਪਣੇ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ | ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਤੇ ਬਚਾਅ ਕਾਰਜਾਂ ਲਈ ਐਨ.ਡੀ.ਆਰ.ਐਫ. ਦੀਆਂ 11 ਟੀਮਾਂ ਅਤੇ ਫ਼ੌਜ ਨੂੰ ਤਾਇਨਾਤ ਕੀਤਾ ਗਿਆ ਹੈ | ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ 'ਚ ਬਚਾਅ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ | ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ |
ਸੰਗਰੂਰ ਤੇ ਮਾਨਸਾ 'ਚ ਦੋ ਮੌਤਾਂ
ਐਤਵਾਰ ਸਵੇਰੇ ਸੰਗਰੂਰ ਦੇ ਪਿੰਡ ਸੰਗਤਪੁਰਾ 'ਚ ਇਕ ਘਰ ਦੀ ਛੱਤ ਡਿੱਗ ਗਈ, ਜਿਸ ਵਿਚ 60 ਸਾਲਾ ਕਰਮਜੀਤ ਕੌਰ ਦੀ ਮੌਤ ਹੋ ਗਈ, ਜਦਕਿ ਉਸ ਦੀ ਧੀ ਮਨਦੀਪ ਕੌਰ ਤੇ ਜਵਾਈ ਸੁਖਪਾਲ ਸਿੰਘ ਗੰਭੀਰ ਜ਼ਖਮੀ ਹੋ ਗਏ | ਇਸੇ ਦਿਨ ਮਾਨਸਾ ਦੇ ਪਿੰਡ ਜਵਾਹਰਕੇ 'ਚ ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਨਾਲ 58 ਸਾਲਾ ਕਿਸਾਨ ਜਗਜੀਵਨ ਸਿੰਘ ਦੀ ਮੌਤ ਹੋ ਗਈ | ਘਟਨਾ ਦੀ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ |
ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ
ਯਾਤਰੀਆਂ ਦੀ ਸਹੂਲਤ ਲਈ ਉੱਤਰੀ ਰੇਲਵੇ ਨੇ ਜੰਮੂ ਤੋਂ 3 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ | ਇਨ੍ਹਾਂ 'ਚ ਜੰਮੂ ਤਵੀ ਤੋਂ ਕੋਲਕਾਤਾ (03152), ਚੇਨਈ ਸੈਂਟਰਲ (04676) ਤੇ ਨਵੀਂ ਦਿੱਲੀ (04674) ਵੱਲ ਜਾਣ ਵਾਲੀਆਂ ਗੱਡੀਆਂ ਸ਼ਾਮਿਲ ਹਨ | ਇਹ ਰੇਲ ਗੱਡੀਆਂ ਪਠਾਨਕੋਟ ਕੈਂਟ, ਜਲੰਧਰ ਕੈਂਟ ਤੇ ਲੁਧਿਆਣਾ ਰਾਹੀਂ ਆਪਣੇ ਮਾਰਗਾਂ 'ਤੇ ਰਵਾਨਾ ਹੋਣਗੀਆਂ |
1988 ਨਾਲੋਂ ਵੱਡਾ ਹੜ੍ਹ
ਸਰਕਾਰੀ ਅੰਕੜਿਆਂ ਅਨੁਸਾਰ 1988 ਦੇ ਹੜ੍ਹ 'ਚ 11.20 ਲੱਖ ਕਿਊਸਿਕ ਪਾਣੀ ਪੰਜਾਬ 'ਚ ਆਇਆ ਸੀ ਪਰ ਇਸ ਵਾਰ ਪਾਣੀ ਦੀ ਮਾਤਰਾ 14.11 ਲੱਖ ਕਿਊਸਿਕ ਤੱਕ ਪਹੁੰਚ ਚੁੱਕੀ ਹੈ | ਹਾਲਾਂਕਿ, ਵਧਦਾ ਪਾਣੀ ਤੇ ਲਗਾਤਾਰ ਮੀਂਹ ਸਥਿਤੀ ਨੂੰ ਹੋਰ ਖ਼ਤਰਨਾਕ ਬਣਾ ਰਿਹਾ ਹੈ |
ਬਹੁਤ ਭਾਰੀ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ ਅਗਲੇ 36-48 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਹਿੱਸਿਆਂ 'ਚ ਮੀਂਹ ਜਾਰੀ ਰਹੇਗਾ | ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨਾ ਮੀਂਹ ਪਵੇਗਾ, ਜਦਕਿ ਕੁਝ ਇਲਾਕਿਆਂ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ | 31 ਅਗਸਤ ਤੋਂ 1 ਸਤੰਬਰ ਤੱਕ ਵਿਆਪਕ ਮੀਂਹ ਪੈਣ ਦੀ ਭਵਿੱਖਬਾਣੀ ਹੈ, ਜਦਕਿ 2 ਸਤੰਬਰ ਨੂੰ ਕਈ ਥਾਵਾਂ 'ਤੇ ਮੀਂਹ ਹੋ ਸਕਦਾ ਹੈ |
14 ਲੱਖ ਕਿਊਸਿਕ ਪਾਣੀ ਨਾਲ ਦਹਿਲਿਆ ਸੂਬਾ
ਅਜੀਤ ਡੈਸਕ
01-09-2025