ਬਿਆਸ ਸਤਲੁਜ ਦਰਿਆਵਾਂ ਦਾ ਸੰਗਮ ਹਰੀਕੇ ਹੈੱਡ ਵਰਕਸ ਵਿਖੇ ਅੱਜ ਫਿਰ ਹੋਈ ਭਰਵੀਂ ਬਾਰਿਸ਼ ਤੋਂ ਬਾਅਦ ਪਾਣੀ ਦਾ ਪੱਧਰ ਵਧ ਗਿਆ | ਇਸ ਵਧੇ ਪਾਣੀ ਨੇ ਡਾਊਨ ਸਟਰੀਮ ਵਾਲੇ ਪਾਸੇ ਧੁੱਸੀ ਬੰਨ੍ਹ ਅਤੇ 2 ਨੋਚਾ ਨੂੰ ਢਾਹ ਲਾ ਦਿੱਤੀ ਜਿਸ ਕਾਰਨ ਧੁੱਸੀ ਬੰਨ੍ਹ ਤੋੋਂ ਬਾਹਰ ਪੈਂਦੇ ਪਿੰਡਾਂ 'ਚ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ | ਹਰੀਕੇ ਹਥਾੜ ਖੇਤਰ ਵਿਚ ਪਿੰਡ ਘੜੁੰਮ ਨਜ਼ਦੀਕ ਜਿਥੇ ਹੜਾਂ ਨੇ 2023 'ਚ ਢਾਹ ਲਾਈ ਸੀ, ਉਸੇ ਜਗ੍ਹਾ 'ਤੇ ਹੀ ਅੱਜ ਪਾਣੀ ਦੇ ਤੇਜ਼ ਵਹਾਅ ਨੇ ਫਿਰ ਢਾਹ ਲਾ ਦਿੱਤੀ | ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਸੇਵਾਦਾਰ ਧੁੱਸੀ ਬੰਨ੍ਹ ਨੂੰ ਲੱਗੀ ਢਾਹ ਨੂੰ ਰੋਕਣ ਲਈ ਲੋਹੇ ਦੇ ਜਾਲ ਬਣਾ ਕੇ ਤੇ ਮਿੱਟੀ ਦੀਆਂ ਬੋਰੀਆਂ ਲਾ ਕੇ ਨੋਚ ਬੰਨ੍ਹ ਰਹੇ ਸਨ | ਇਸਦੇ ਨਾਲ ਸੈਂਕੜੇ ਇਲਾਕਾ ਨਿਵਾਸੀ ਸੰਗਤ ਵੀ ਮਿੱਟੀ ਦੀਆਂ ਬੋਰੀਆਂ ਤੇ ਹੋਰ ਸੇਵਾ ਵੀ ਕਰ ਰਹੀਆਂ ਸਨ | ਇਸ ਤੋਂ ਇਲਾਵਾ ਗੱਟੀ ਹਰੀਕੇ ਅਤੇ ਇਸਦੇ ਨਜ਼ਦੀਕ ਵੀ 2 ਜਗਾ ਤੇ ਸਤਲੁਜ ਦਰਿਆ ਨੇ ਨੋਚਾ ਨੂੰ ਢਾਹ ਲਾਈ ਅਤੇ ਵੱਡੇ-ਵੱਡੇ ਪੱਥਰਾਂ ਦੇ ਕਰੇਟ ਵੀ ਪਾਣੀ ਦਾ ਤੇਜ਼ ਵਹਿਣ ਵਹਾਅ ਕੇ ਲੈ ਗਿਆ |