• ਕਿਹਾ, ਪੰਜਾਬ ਸਰਕਾਰ ਨੂੰ ਵਰਤ ਚੁੱਕੇ ਨੇ ਦਿੱਲੀ ਵਾਲੇ • ਫਰਾਰ ਚੱਲ ਰਹੇ ਵਿਧਾਇਕ ਨੇ ਵੀਡੀਓ ਜਾਰੀ ਕਰ ਕੇ ਲਗਾਏ ਗੰਭੀਰ ਦੋਸ਼
ਮਨਦੀਪ ਸਿੰਘ ਖਰੌੜ
ਪਟਿਆਲਾ, 3 ਸਤੰਬਰ-ਜਬਰ ਜਨਾਹ ਦੇ ਮਾਮਲੇ 'ਚ ਫਰਾਰ ਚੱਲ ਰਹੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰ ਕੇ ਪੁਲਿਸ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ | ਪਠਾਣਮਾਜਰਾ ਨੇ ਵੀਡੀਓ ਰਾਹੀਂ ਆਪਣਾ ਪੱਖ ਰੱਖਦਿਆਂ ਆਖਿਆ ਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਪੁਲਿਸ ਉਨ੍ਹਾਂ ਦਾ ਰਾਹ 'ਚ ਐਨਕਾਊਾਟਰ ਕਰ ਸਕਦੀ ਹੈ | ਇਸ ਕਰ ਕੇ ਉਹ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ | ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਨੇ ਹਥਿਆਰ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਹਥਿਆਰ ਨਹੀਂ ਚਲਿਆ | ਬਾਅਦ 'ਚ ਪੁਲਿਸ ਨੇ ਉਨ੍ਹਾਂ ਦੇ ਭਰਾਵਾਂ ਦੇ ਹਥਿਆਰ ਫੜ੍ਹ ਕੇ ਉਨ੍ਹਾਂ 'ਤੇ ਝੂਠਾ ਦੋਸ਼ ਲਗਾਇਆ ਕਿ ਗੋਲੀ ਚੱਲੀ ਹੈ | ਉਨ੍ਹਾਂ ਕਿਹਾ ਕਿ ਉਹ ਪੰਜਾਬ ਪੁਲਿਸ ਦਾ ਬਹੁਤ ਸਤਿਕਾਰ ਕਰਦੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਗਿ੍ਫ਼ਤਾਰ ਕਰਨ ਲਈ 10 ਐਸ.ਪੀ., 5 ਡੀ.ਐਸ.ਪੀ. ਤੇ 500 ਦੇ ਕਰੀਬ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਪਿੱਛੇ ਲਗਾ ਦਿੱਤੇ ਗਏ ਜਿਵੇਂ ਕਿ ਉਹ ਗੈਂਗਸਟਰ ਹੋਣ | ਇਹ ਸਾਰਾ ਕੁਝ ਉਨ੍ਹਾਂ ਨੂੰ ਗੈਂਗਸਟਰ ਦਿਖਾ ਕੇ ਐਨਕਾਊਾਟਰ ਕਰਨ ਦੀ ਇਕ ਚਾਲ ਸੀ, ਜਿਸ ਤਹਿਤ ਡੀ.ਐਸ.ਪੀ. ਬਿਕਰਮ ਸਿੰਘ ਬਰਾੜ ਦੀ ਅਗਵਾਈ 'ਚ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੂੰ ਉਨ੍ਹਾਂ ਦੀ ਭਾਲ ਲਈ ਭੇਜਿਆ ਗਿਆ ਜਿਵੇਂ ਕਿ ਉਹ ਬਹੁਤ ਵੱਡੇ ਗੈਂਗਸਟਰ ਹੋਣ | ਉਨ੍ਹਾਂ ਵੀਡੀਓ 'ਚ ਪੰਜਾਬ ਦੇ ਵਿਧਾਇਕਾਂ ਨੂੰ ਵੀ ਅਪੀਲ ਕੀਤੀ ਕਿ ਮੁੱਖ ਮੰਤਰੀ ਤਾਂ ਚੁੱਪ ਹੈ ਤੁਸੀਂ ਤਾਂ ਦਿੱਲੀ ਵਾਲਿਆਂ ਖ਼ਿਲਾਫ਼ ਆਵਾਜ਼ ਉਠਾਓ | ਇਕ ਹੋਰ ਵੀਡੀਓ 'ਚ ਉਨ੍ਹਾਂ ਦੱਸਿਆ ਕਿ ਪੰਜਾਬ 'ਚ ਸਾਰਾ ਕੁਝ ਦਿੱਲੀ ਵਾਲਿਆਂ ਦੇ ਕਹਿਣ ਅਨੁਸਾਰ ਹੋ ਰਿਹਾ ਹੈ ਤੇ ਬਹੁਤੇ ਵਿਧਾਇਕਾਂ ਦੇ ਹੱਥ-ਪੱਲੇ ਕੁਝ ਵੀ ਨਹੀਂ | ਪਠਾਣਮਾਜਰਾ ਦਾ ਕਹਿਣਾ ਸੀ ਕਿ ਪੰਜ ਵਿਧਾਇਕਾਂ ਦੇ ਅਸਤੀਫ਼ੇ ਤਾਂ ਉਨ੍ਹਾਂ ਪਹਿਲਾਂ ਹੀ ਲੈ ਰੱਖੇ ਹਨ | ਉਨ੍ਹਾਂ ਕਿਹਾ ਕਿ ਜਿੱਥੇ ਕੋਈ ਲੜਾਈ ਝਗੜੇ ਵਾਲੀ ਗੱਲ ਹੁੰਦੀ ਸੀ ਤਾਂ ਪਠਾਣਮਾਜਰਾ ਨੂੰ ਭੇਜਿਆ ਜਾਂਦਾ ਸੀ ਜਦੋਂ ਉਨ੍ਹਾਂ ਦੇ ਹਲਕੇ ਦੀ ਗੱਲ ਹੋਈ ਤਾਂ ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ | ਦਿੱਲੀ ਵਾਲਿਆਂ ਨੇ ਪੰਜਾਬ 'ਚ ਫਾਸਟਵੇ ਬੰਦ ਕਰਵਾਉਣ ਲਈ ਮੈਨੂੰ ਵਰਤਿਆ ਤੇ ਬਾਅਦ 'ਚ ਖੁਦ ਹੀ ਸਮਝੌਤਾ ਕਰ ਕੇ ਇੱਥੋਂ ਦਾ ਮਾਲੀਆ ਲੁੱਟ ਕੇ ਲੈ ਗਏ | ਪਠਾਣਮਾਜਰਾ ਨੇ ਦੋਸ਼ ਲਗਾਇਆ ਕਿ ਹੁਣ ਉਹ ਸਾਰੇ ਬੀ.ਡੀ.ਓਜ਼ ਤੋਂ ਪੰਚਾਇਤੀ ਜ਼ਮੀਨਾਂ ਤੇ ਸ਼ਾਮਲਾਟ ਦਾ ਰਿਕਾਰਡ ਮੰਗ ਰਹੇ ਹਨ | ਜੇਕਰ ਹੁਣ ਵੀ ਪੰਜਾਬ ਦੇ ਵਿਧਾਇਕ ਜਾਂ ਮੁੱਖ ਮੰਤਰੀ ਨਾ ਬੋਲੇ ਤਾਂ ਅਸੀਂ ਖ਼ਤਮ ਹੋ ਜਾਵਾਂਗੇ | ਦਿੱਲੀ ਵਾਲਿਆਂ ਦੀ ਜ਼ਿਆਦਾ ਦਖ਼ਲਅੰਦਾਜ਼ੀ ਨੇ ਪੰਜਾਬ ਦੀ ਰਾਜਨੀਤੀ ਉਨ੍ਹਾਂ ਦੇ ਹੱਥ 'ਚ ਦੇ ਦਿਤੀ ਹੈ | ਉਨ੍ਹਾਂ ਕਿਹਾ ਕਿ ਦਿੱਲੀ ਵਾਲੇ ਪੰਜਾਬ ਸਰਕਾਰ ਨੂੰ ਵਰਤ ਰਹੇ ਹਨ ਤੇ ਉਹ ਸੂਬੇ ਦੇ ਸਾਰੇ ਵਿਧਾਇਕਾਂ ਨੂੰ ਬੇਨਤੀ ਕਰਦੇ ਹਨ ਕਿ ਇਕੱਠੇ ਹੋ ਕੇ ਪੰਜਾਬ ਸਰਕਾਰ ਨੂੰ ਜਗਾਓ |
ਪਠਾਣਮਾਜਰਾ ਦੀ ਸਰਕਾਰੀ ਤੇ ਨਿੱਜੀ ਕੋਠੀ 'ਤੇ ਵੀ ਪੁਲਿਸ ਦੀ ਤਿੱਖੀ ਨਜ਼ਰ
ਪੁਲਿਸ ਨੇ ਵਿਧਾਇਕ ਪਠਾਣਮਾਜਰਾ ਦੀ ਪੰਜਾਬੀ ਬਾਗ ਪਟਿਆਲਾ 'ਚ ਸਥਿਤ ਕੋਠੀ ਦੇ ਗੇਟ ਬੰਦ ਕਰ ਦਿੱਤੇ ਹਨ ਤੇ ਕਿਸੇ ਨੂੰ ਵੀ ਅੰਦਰ-ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ | ਪੁਲਿਸ ਟੀਮਾਂ ਵਲੋਂ ਉਥੇ ਲੱਗੇ 'ਆਪ' ਦੇ ਵੱਡੇ-ਵੱਡੇ ਬੋਰਡ ਵੀ ਉਤਾਰ ਦਿੱਤੇ ਗਏ ਹਨ | ਇਹ ਵੀ ਪਤਾ ਲੱਗਾ ਹੈ ਕਿ ਵਿਧਾਇਕ ਦੀ ਪਿੰਡ ਪਠਾਣਮਾਜਰਾ (ਜ਼ਿਲ੍ਹਾ ਪਟਿਆਲਾ) ਵਿਖੇ ਸਥਿਤ ਕੋਠੀ 'ਚ ਵੀ ਪੁਲਿਸ ਟੀਮਾਂ ਪਹੁੰਚੀਆਂ ਹਨ, ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਕੋਠੀ 'ਚ ਹੀ ਹਨ ਜਾਂ ਫੇਰ ਰੂਪੋਸ਼ ਹੋ ਗਏ ਹਨ |
ਪੰਜ ਸੂਬਿਆਂ 'ਚ ਵਿਧਾਇਕ ਨੂੰ ਭਾਲ ਰਹੀ ਹੈ ਪੁਲਿਸ
ਐਂਟੀ ਗੈਂਗਸਟਰ ਟਾਸਕ ਫੋਰਸ ਤੇ ਪਟਿਆਲਾ ਦੇ ਐਸ.ਪੀ. (ਡੀ) ਗੁਰਬੰਸ ਸਿੰਘ ਬੈਂਸ ਦੀ ਅਗਵਾਈ ਵਾਲੀਆਂ ਪੁਲਿਸ ਟੀਮਾਂ ਵਿਧਾਇਕ ਪਠਾਣਮਾਜਰਾ ਦੀ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਯੂ.ਪੀ. 'ਚ ਭਾਲ ਕਰ ਰਹੀਆਂ ਹਨ | ਇਸ ਤੋਂ ਇਲਾਵਾ ਮੋਬਾਈਲ ਲੋਕੇਸ਼ਨਾਂ ਤੇ ਅਸਿੱਧੇ ਤੌਰ 'ਤੇ ਵਿਧਾਇਕ ਦੇ ਨੇੜਲੇ ਵਿਅਕਤੀਆਂ ਦੀਆਂ ਮੋਬਾਈਲ ਲੋਕੇਸ਼ਨਾਂ ਰਾਹੀਂ ਵਿਧਾਇਕ ਦੀ ਪੈੜ ਨੱਪੀ ਜਾ ਰਹੀ ਹੈ | ਇਹ ਵੀ ਪਤਾ ਲੱਗਾ ਹੈ ਕਿ ਕਰਨਾਲ 'ਚ ਵੀ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ |
ਗੈਂਗਸਟਰ ਵਜੋਂ ਮੇਰਾ 'ਐਨਕਾਊਾਟਰ' ਕਰਨਾ ਚਾਹੁੰਦੀ ਸੀ ਪੰਜਾਬ ਪੁਲਿਸ-ਪਠਾਣਮਾਜਰਾ
ਅਜੀਤ ਡੈਸਕ
04-09-2025