ਨਵੀਂ ਦਿੱਲੀ, 22 ਸਤੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਏਅਰ ਇੰਡੀਆ ਦੇ ਜਹਾਜ਼ ਹਾਦਸੇ ਬਾਰੇ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਹੈ ਕਿ ਇਸ ਹਾਦਸੇ ਨੂੰ ਸਿਰਫ ਪਾਇਲਟਾਂ ਦੀ ਗਲਤੀ ਕਰਾਰ ਦੇਣਾ ਬਹੁਤ ਮੰਦਭਾਗਾ ਅਤੇ ਗੈਰ-ਜ਼ਿੰਮੇਵਾਰਾਨਾ ਬਿਆਨ ਹੈ | ਸਰਬਉੱਚ ਅਦਾਲਤ ਨੇ ਇਸ ਮਾਮਲੇ ਨੂੰ ਸੁਤੰਤਰ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਇਸ ਮਾਮਲੇ 'ਚ ਕੇਂਦਰ ਸਰਕਾਰ, ਸਿਵਲ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ ਡੀ. ਜੀ. ਸੀ. ਏ. ਅਤੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਓਰੋ ਏ.ਏ.ਆਈ.ਬੀ. ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ | ਸੁਪਰੀਮ ਕੋਰਟ 'ਚ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਜੇਕਰ ਕੱਲ੍ਹ ਕੋਈ ਗੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਕਹਿ ਦੇਵੇ ਕਿ ਪਾਇਲਟ ਏ ਜਾਂ ਬੀ ਦੀ ਗਲਤੀ ਸੀ ਤਾਂ ਪਰਿਵਾਰ ਨੂੰ ਨੁਕਸਾਨ ਹੋਵੇਗਾ | ਜੇਕਰ ਬਾਅਦ 'ਚ ਅੰਤਿਮ ਜਾਂਚ ਰਿਪੋਰਟ 'ਚ ਕੋਈ ਗਲਤੀ ਨਹੀਂ ਪਾਈ ਜਾਂਦੀ ਤਾਂ ਕੀ ਹੋਵੇਗਾ | ਸੁਪਰੀਮ ਕੋਰਟ ਨੇ ਉਨ੍ਹਾਂ ਰਿਪੋਰਟਾਂ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਜਿਸ 'ਚ ਕਿਹਾ ਗਿਆ ਸੀ ਕਿ ਏਅਰ ਇੰਡੀਆ ਜਹਾਜ਼ ਹਾਦਸੇ 'ਚ ਪਾਇਲਟਾਂ ਨੇ ਜਾਣਬੁੱਝ ਕੇ ਇੰਜਣ ਦੀ ਸਪਲਾਈ ਬੰਦ ਕਰ ਦਿੱਤੀ ਸੀ | ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਅਦਾਲਤ ਨੂੰ ਦੱਸਿਆ ਕਿ ਸੂਤਰਾਂ ਦੇ ਹਵਾਲੇ ਨਾਲ ਛਪੀ ਇਹ ਰਿਪੋਰਟ ਅਧਿਕਾਰਕ ਤੌਰ 'ਤੇ ਸਰਕਾਰ ਨੂੰ ਸੌਂਪੇ ਜਾਣ ਤੋਂ ਪਹਿਲਾਂ ਹੀ ਪ੍ਰਕਾਸ਼ਿਤ ਹੋ ਗਈ ਸੀ | ਭੂਸ਼ਣ ਨੇ 'ਵਾਲ ਸਟ੍ਰੀਟ ਜਨਰਲ' 'ਚ ਛਪੀ ਖਬਰ ਦਾ ਹਵਾਲਾ ਵੀ ਦਿੱਤਾ, ਜਿਸ 'ਚ ਪਾਇਲਟਾਂ ਨੂੰ ਹੀ ਹਾਦਸੇ ਦਾ ਦੋਸ਼ੀ ਠਹਿਰਾਇਆ ਗਿਆ ਸੀ | ਭੂਸ਼ਣ ਨੇ ਕਿਹਾ ਕਿ ਪਾਇਲਟ ਦੀ ਗਲਤੀ ਵਾਲੀ ਕਹਾਣੀ ਤੇਜ਼ੀ ਨਾਲ ਫੈਲ ਗਈ, ਜਦਕਿ ਪਾਇਲਟ ਬਹੁਤ ਹੀ ਤਜਰਬੇਕਾਰ ਸਨ |