28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੁਲਿਸ ਵਲੋਂ ਅਮਰਜੀਤ ਸਿੰਘ ਚਾਵਲਾ ਦੇ ਘਰ ਛਾਪੇਮਾਰੀ ਪਤਨੀ ਤੇ ਪੁੱਤਰੀ ਤੋਂ ਕੀਤੀ ਦੋ ਘੰਟੇ ਤੱਕ ਪੁੱਛਗਿੱਛ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਬਹਿਰੀਨ ਵਾਲੀ ਬੀਬੀ ਵਲੋਂ ਲਗਾਏ ਦੋਸ਼ਾਂ ਦੇ ਸੰਬੰਧ ’ਚ ਅਮਰਜੀਤ ਸਿੰਘ ਚਾਵਲਾ ਦੇ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਘਰ ’ਚ ਪੁਲਿਸ ਵਲੋਂ ਅੱਜ ਸਵੇਰੇ ਛਾਪਾਮਾਰੀ ਕੀਤੀ ...

Ad Position 21
No active advertisement
ਅਜੀਤ ਡੈਸਕ 28-09-2026

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਬਹਿਰੀਨ ਵਾਲੀ ਬੀਬੀ ਵਲੋਂ ਲਗਾਏ ਦੋਸ਼ਾਂ ਦੇ ਸੰਬੰਧ ’ਚ ਅਮਰਜੀਤ ਸਿੰਘ ਚਾਵਲਾ ਦੇ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਘਰ ’ਚ ਪੁਲਿਸ ਵਲੋਂ ਅੱਜ ਸਵੇਰੇ ਛਾਪਾਮਾਰੀ ਕੀਤੀ ਗਈ ਅਤੇ ਇਸ ਦੌਰਾਨ ਚਾਵਲਾ ਦੀ ਪਤਨੀ ਅਤੇ ਪੁੱਤਰੀ ਕੋਲੋਂ ਪੁਲਿਸ ਅਧਿਕਾਰੀਆਂ ਨੇ ਦੋ ਘੰਟੇ ਪੁੱਛ ਪੜਤਾਲ ਕੀਤੀ। ਜਾਣਕਾਰੀ ਅਨੁਸਾਰ ਅੱਜ ਸਵੇਰੇ ਪੋਣੇ 9 ਵਜੇ  ਦੇ ਕਰੀਬ ਅਮਰਜੀਤ ਸਿੰਘ ਚਾਵਲਾ ਦੇ ਘਰ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਵਲੋਂ ਇਹ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਟੀਮ ਦੀ ਅਗਵਾਈ ਉਪ ਪੁਲਿਸ ਕਪਤਾਨ ਜਸ਼ਨਪ੍ਰੀਤ ਸਿੰਘ ਕਰ ਰਹੇ ਸੀ ਅਤੇ ਇਸ ’ਚ ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਸਨ। ਛਾਪੇਮਾਰੀ ਦੌਰਾਨ ਪੁਲਿਸ ਵਲੋਂ ਚਾਵਲਾ ਦੀ ਰਿਹਾਇਸ਼ ਨੂੰ ਪੂਰੀ ਤਰ੍ਹਾਂ ਘੇਰ ਲਿਆ ਗਿਆ ਅਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਵਕਤ ਚਾਵਲਾ ਦੀ ਪਤਨੀ ਪਪਿੰਦਰ ਕੌਰ, ਉਸ ਦੀ ਲੜਕੀ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ। ਇਨ੍ਹਾਂ ਵਲੋਂ ਇਸ ਦੀ ਸੂਚਨਾ ਆਪਣੇ ਵਕੀਲ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਪਰਉਪਕਾਰ ਸਿੰਘ ਘੁੰਮਣ ਨੂੰ ਦਿੱਤੀ ਗਈ। 
ਸੂਚਨਾ ਮਿਲਦਿਆਂ ਹੀ ਘੁੰਮਣ ਅਤੇ ਉਨ੍ਹਾਂ ਦੇ ਸਾਥੀ ਮੌਕੇ ’ਤੇ ਪਹੁੰਚੇ, ਪਰ ਪੁਲਿਸ ਵਲੋਂ ਘੁੰਮਣ ਨੂੰ ਬਤੌਰ ਵਕੀਲ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਗਈ। ਪੁਲਿਸ ਵਲੋਂ ਚਾਵਲਾ ਦੀ ਪਤਨੀ ਅਤੇ ਪੁੱਤਰੀ ਦੇ ਬਿਆਨ ਦਰਜ ਕੀਤੇ ਗਏ ਅਤੇ ਉਨ੍ਹਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ। ਪੁਲਿਸ ਅਧਿਕਾਰੀਆਂ ਵਲੋਂ ਚਾਵਲਾ ਨਾਲ ਰਾਬਤਾ ਹੋਣ ਬਾਰੇ ਵੀ ਪੁੱਛਿਆ ਗਿਆ, ਪਰ ਇਨ੍ਹਾਂ ਦੋਵਾਂ ਨੇ ਕਿਹਾ ਕਿ ਪਿਛਲੇ ਕਰੀਬ 20 ਦਿਨਾਂ ਤੋਂ ਚਾਵਲਾ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੈ। ਇਸ ਤੋਂ ਇਲਾਵਾ ਪੁਲਿਸ ਵਲੋਂ ਚਾਵਲਾ ਦੇ ਵੱਖ ਵੱਖ ਮੁਲਕਾਂ ਦੇ ਵੀਜ਼ੇ ਲੱਗਣ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਗਈ। ਪੁੱਛ ਪੜਤਾਲ ਤੋਂ ਬਾਅਦ ਟੀਮ ਵਾਪਸ ਰਵਾਨਾ ਹੋ ਗਈ। ਭਾਵੇਂ ਐਡਵੋਕੇਟ ਘੁੰਮਣ ਵਲੋਂ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ, ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਵਲੋਂ ਬਿਨ੍ਹਾਂ ਤਲਾਸ਼ੀ ਵਰੰਟ ’ਤੇ ਚਾਵਲਾ ਦੇ ਘਰ ਵਿਚ ਛਾਪਾਮਾਰੀ ਕਰਨੀ ਗੈਰ-ਕਾਨੂੰਨੀ ਹੈ। ਇਸ ਦੌਰਾਨ ਉਪ ਪੁਲਿਸ ਕਪਤਾਨ ਜਸ਼ਨਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚਾਵਲਾ ਖਿਲਾਫ ਅਨੰਦਪੁਰ ਥਾਣੇ ਵਿਚ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਮਾਮਲੇ ਦੀ ਜਾਂਚ ਸਬੰਧੀ ਉਹ ਅੱਜ ਚਾਵਲਾ ਦੀ ਰਿਹਾਇਸ਼ ’ਤੇ ਜਾਂਚ ਪੜਤਾਲ ਆਏ ਹਨ । ਇਸ ਮਾਮਲੇ ਵਿਚ ਚਾਵਲਾ ਦੇ ਪਰਿਵਾਰਿਕ ਮੈਂਬਰਾਂ ਨੂੰ ਨਾਮਜ਼ਦ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜਿਹੜੇ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਹਾਲ ਦੀ ਘੜੀ ਉਨ੍ਹਾਂ ਨੇ ਹੋਰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਮੌਕੇ ’ਤੇ ਪਹੁੰਚੇ ਐਡਵੋਕੇਟ ਘੁੰਮਣ ਨੇ ਕਿਹਾ ਕਿ ਚਾਵਲਾ ਨੂੰ ਇਕ ਝੂਠੇ ਮਾਮਲੇ ਵਿਚ ਸਾਜਿਸ਼ ਤਹਿਤ ਫਸਾਇਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸ਼ਿਕਾਇਤਕਰਤਾ ਔਰਤ ਵਲੋਂ ਅਜੇ ਵੀ ਚਾਵਲਾ ਨੂੰ ਫੋਨ ਕੀਤੇ ਜਾ ਰਹੇ ਹਨ ਅਤੇ ਇਸ ਦੀ ਰਿਕਾਰਡਿੰਗ ਵੀ ਚਾਵਲਾ ਕੋਲ ਹੈ ਜੋ ਕਿ ਆਉਣ ਵਾਲੇ ਸਮੇਂ ਵਿਚ ਜਨਤਕ ਕੀਤੀ ਜਾਵੇਗੀ।

ਤਫ਼ਤੀਸ਼ ਲਈ ਨਹੀਂ ਸ਼ਾਮਿਲ ਹੋਏ ਦੋਨੋਂ ਵਿਅਕਤੀ
ਸ੍ਰੀ ਅਨੰਦਪੁਰ ਸਾਹਿਬ, 27 ਸਤੰਬਰ (ਪੱਤਰ ਪ੍ਰੇਰਕ)- ਬਹਿਰੀਨ ਵਾਲੀ ਬੀਬੀ ਦੇ ਮਾਮਲੇ ’ਚ ਪੁਲਿਸ ਵਲੋਂ ਅਮਰਜੀਤ ਸਿੰਘ ਚਾਵਲਾ ਦੇ ਕਰਿੰਦਿਆਂ ਨੂੰ ਭੇਜੇ ਗਏ ਸੰਮਨ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਥਾਣੇ ਵਿਚ ਤਫ਼ਤੀਸ਼ ਲਈ ਕੋਈ ਵੀ ਵਿਅਕਤੀ ਨਹੀਂ ਪਹੁੰਚਿਆ। ਸੂਤਰਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਫ਼ਤੀਸ਼ ਲਈ ਬੁਲਾਏ ਗਏ ਮਲਕੀਤ ਸਿੰਘ ਵਾਸੀ ਅੰਮ੍ਰਿਤਸਰ ਅਤੇ ਮੋਹਨ ਸਿੰਘ ਵਾਸੀ ਅਨੰਦਪੁਰ ਸਾਹਿਬ ਨੂੰ ਦੁਬਾਰਾ ਸੰਮਨ ਭੇਜ ਕੇ ਤਫ਼ਤੀਸ਼ ਵਿਚ ਸ਼ਾਮਿਲ ਹੋਣ ਲਈ ਕਿਹਾ ਜਾਵੇਗਾ। ਦੱਸਣਯੋਗ ਹੈ ਕਿ ਉਕਤ ਦੋਨਾਂ ਵਿਅਕਤੀਆਂ ਨੂੰ ਸਵੇਰੇ 10 ਵਜੇ ਥਾਣਾ ਅਨੰਦਪੁਰ ਸਾਹਿਬ ਵਿਖੇ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਬੇਅਦਬੀ ਕਾਨੂੰਨ ਸੰਬੰਧੀ 7 ਮੈਂਬਰੀ ਕਮੇਟੀ ਨਾਲ ਮੀਟਿੰਗ ਕਾਨੂੰਨ ’ਚ ਸੋਧ ਲਈ ਸਰਕਾਰ ਨੇ ਵਧਾਈ ਸਰਗਰਮੀ ਅਗਲੀ ਖ਼ਬਰ ਬੈਂਕ ਯੂਨੀਅਨਾਂ ਵਲੋਂ ਤਿੰਨ ਦਿਨਾ ਦੇਸ਼-ਵਿਆਪੀ ਹੜਤਾਲ ਮੁਲਤਵੀ
Ad Position 24