ਮੁੰਬਈ, 22 ਸਤੰਬਰ (ਏਜੰਸੀ)-ਇਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਨੂੰ ਪਿਛਲੇ ਸਾਲ ਅਦਾਕਾਰ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਸੀ | ਮੁਹੰਮਦ ਰਫ਼ੀਕ ਸਰਦਾਰ ਚੌਧਰੀ ਦੀ ਜ਼ਮਾਨਤ ਪਟੀਸ਼ਨ 'ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕਰਾਈਮ ਐਕਟ' (ਮਕੋਕਾ) ਅਦਾਲਤ ਦੇ ਜੱਜ ਮਹੇਸ਼ ਯਾਦਵ ਨੇ ਖਾਰਜ ਕਰ ਦਿੱਤੀ | ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵਿੱਕੀ ਗੁਪਤਾ ਤੇ ਸਾਗਰ ਪਾਲ ਨੇ 14 ਅਪ੍ਰੈਲ 2024 ਦੀ ਸਵੇਰ ਇਥੇ ਬਾਂਦਰਾ ਪੱਛਮੀ ਸਥਿਤ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਬਾਹਰ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ | ਪੁਲਿਸ ਅਨੁਸਾਰ ਚੌਧਰੀ ਨੇ ਦੋ ਦਿਨ ਪਹਿਲਾਂ ਗਲੈਕਸੀ ਅਪਾਰਟਮੈਂਟ ਦੀ ਰੇਕੀ ਕੀਤੀ ਸੀ, ਇਲਾਕੇ ਦੀ ਵੀਡੀਓ ਬਣਾਈ ਸੀ ਤੇ ਇਸ ਨੂੰ ਮਾਮਲੇ ਦੇ ਲੋੜੀਂਦੇ ਦੋਸ਼ੀ ਅਨਮੋਲ ਬਿਸ਼ਨੋਈ ਨੂੰ ਭੇਜਿਆ ਸੀ |