ਨਵੀਂ ਦਿੱਲੀ, 22 ਸਤੰਬਰ (ਉਪਮਾ ਡਾਗਾ ਪਾਰਥ)-ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਭਰ 'ਚ ਸੋਮਵਾਰ ਤੋਂ ਲਾਗੂ ਹੋਈਆਂ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਨੂੰ ਲੈ ਕੇ ਬਿਆਨ ਦਿੰਦਿਆਂ ਕਿਹਾ ਕਿ ਕਾਂਗਰਸ ਜੀ.ਐਸ.ਟੀ. ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੀ ਹੈ ਪਰ ਆਪਣੇ ਕਾਰਜਕਾਲ 'ਚ ਇਸ ਨੂੰ ਲਾਗੂ ਕਿਉਂ ਨਹੀਂ ਕਰ ਪਾਈ | ਗ੍ਰਹਿ ਮੰਤਰੀ ਨੇ ਇਕ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਜੀ.ਐਸ.ਟੀ. ਜਦੋਂ ਤੋਂ ਲਾਗੂ ਹੋਇਆ ਹੈ ਉਸ ਵੇਲੇ ਤੋਂ ਹੀ ਕੁਝ ਲੋਕ ਇਸ ਨੂੰ ਬਦਨਾਮ ਕਰਨ 'ਚ ਲੱਗੇ ਹਨ | ਇਸ ਨੂੰ ਗੱਬਰ ਸਿੰਘ ਟੈਕਸ ਜਿਹੇ ਨਾਂਅ ਦਿੱਤੇ ਗਏ | ਹੁਣ ਜਦੋਂ ਇਹ ਸਫ਼ਲ ਹੋਇਆ ਤਾਂ ਕਹਿਣ ਲੱਗੇ ਕਿ ਇਹ ਸਾਡਾ ਹੀ ਵਿਚਾਰ ਸੀ | ਪ੍ਰਣਬ ਮੁਖਰਜੀ ਅਤੇ ਪੀ. ਚਿੰਦਬਰਮ ਨੇ ਜੀ.ਐਸ.ਟੀ. 'ਤੇ ਵਿਚਾਰ ਕੀਤਾ ਸੀ ਅਤੇ ਮੋਦੀ ਸਰਕਾਰ ਨੇ ਚੋਰੀ ਕਰ ਲਿਆ | ਸ਼ਾਹ ਨੇ ਕਿਹਾ ਕਿ ਉਹ (ਕਾਂਗਰਸ) ਆਪਣੇ 10 ਸਾਲ ਸੱਤਾ 'ਚ ਰਹਿਣ ਦੇ ਬਾਵਜੂਦ ਜੀ.ਐਸ.ਟੀ. ਨਹੀਂ ਲਿਆ ਪਾਈ, ਜਦਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਕਾਰਜਕਾਲ ਦੇ ਚੌਥੇ ਸਾਲ 'ਚ ਹੀ ਲਾਗੂ ਕਰ ਦਿੱਤਾ ਸੀ |