ਚੰਡੀਗੜ੍ਹ, 23 ਸਤੰਬਰ (ਮਾਰਕੰਡਾ)-ਵਿਆਪਕ ਸਿਹਤ ਸੰਭਾਲ ਕਵਰੇਜ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ 'ਮੁੱਖ ਮੰਤਰੀ ਸਿਹਤ ਯੋਜਨਾ' ਲਈ ਰਜਿਸਟਰੇਸ਼ਨ ਪ੍ਰਕਿਰਿਆ ਦਾ ਆਨਲਾਈਨ ਉਦਘਾਟਨ ਰਾਜ ਸਿਹਤ ਏਜੰਸੀ (ਐਸ. ਐਚ. ਏ.) ਦਫ਼ਤਰ ਸੈਕਟਰ 34 ਚੰਡੀਗੜ੍ਹ ਵਿਖੇ ਰਸਮੀ ਤੌਰ 'ਤੇ ਸ਼ੁਰੂਆਤ ਕੀਤੀ, ਜਿਸ ਤਹਿਤ ਸੂਬੇ ਦੇ 3 ਕਰੋੜ ਨਿਵਾਸੀਆਂ ਨੂੰ 10 ਲੱਖ ਰੁਪਏ ਦਾ ਨਕਦੀ ਰਹਿਤ ਇਲਾਜ ਮਿਲੇਗਾ | ਇਹ ਪ੍ਰਾਜੈਕਟ ਦੋ ਜ਼ਿਲਿ੍ਹਆਂ ਤਰਨ ਤਾਰਨ ਤੇ ਬਰਨਾਲਾ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਕੈਬਨਿਟ ਮੰਤਰੀ ਨਾਲ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ ਤੇ ਸੀ.ਈ.ਓ. ਐਸ.ਐਚ.ਏ. ਸੰਯਮ ਅਗਰਵਾਲ ਵੀ ਮੌਜੂਦ ਸਨ, ਨੇ ਦੱਸਿਆ ਕਿ ਜਨਤਾ ਲਈ ਇਕ ਸੁਚਾਰੂ ਤੇ ਪਹੁੰਚਯੋਗ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਦੋਵਾਂ ਜ਼ਿਲਿ੍ਹਆਂ 'ਚ ਰਜਿਸਟਰੇਸ਼ਨ ਕੈਂਪ ਲਗਾਏ ਗਏ ਹਨ | ਪਹਿਲੇ ਦਿਨ ਹੀ ਇਸ ਯੋਜਨਾ ਲਈ 1480 ਪਰਿਵਾਰਾਂ ਨੇ ਨਾਂਅ ਦਰਜ ਕਰਵਾਇਆ ਹੈ | ਪੰਜਾਬ ਲਈ ਇਸ ਨੂੰ ਇਤਿਹਾਸਕ ਦਿਨ ਦੱਸਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜੋ ਹਰੇਕ ਨਾਗਰਿਕ ਨੂੰ ਬਿਨਾਂ ਕਿਸੇ ਆਮਦਨ ਸ਼ਰਤ ਦੇ 10 ਲੱਖ ਰੁਪਏ ਦਾ ਵਿਆਪਕ ਸਿਹਤ ਬੀਮਾ ਕਵਰ ਪ੍ਰਦਾਨ ਕਰਦਾ ਹੈ | ਇਸ ਯੋਜਨਾ ਤਹਿਤ ਲਾਭਪਾਤਰੀ ਸੂਬੇ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ 500 ਤੋਂ ਵੱਧ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਨਕਦੀ ਰਹਿਤ ਇਲਾਜ ਪ੍ਰਾਪਤ ਕਰ ਸਕਦੇ ਹਨ | ਰਜਿਸਟਰੇਸ਼ਨ ਕਰਵਾਉਣ ਲਈ ਸਿਰਫ਼ ਵੋਟਰ ਆਈ.ਡੀ. ਕਾਰਡ ਤੇ ਆਧਾਰ ਕਾਰਡ ਲੋੜੀਂਦਾ ਹੈ ਅਤੇ ਇਸ ਯੋਜਨਾ ਦਾ ਲਾਭ ਲੈਣ ਲਈ ਆਮਦਨ ਦੀ ਵੀ ਕੋਈ ਸ਼ਰਤ ਨਹੀਂ ਹੋਵੇਗੀ |