ਸਤੰਬਰ 2023 'ਚ ਰਜਿੰਦਰਾ ਵਾਈਨ ਕੰਪਨੀ ਦੀਆਂ ਵੱਖ-ਵੱਖ ਦੁਕਾਨਾਂ 'ਤੇ ਕੀਤੇ ਸਨ ਪੈਟਰੋਲ ਹਮਲੇ
ਬਟਾਲਾ, 27 ਸਤੰਬਰ (ਸਤਿੰਦਰ ਸਿੰਘ)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਤੇ ਹੋਰ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਮਡਿਊਲ ਦੇ ਲੋੜੀਂਦੇ ਕਾਰਕੁੰਨ ਪਰਮਿੰਦਰ ਸਿੰਘ ਉਰਫ਼ ਪਿੰਦੀ ਦੀ ਹਵਾਲਗੀ ਹਾਸਿਲ ਕਰਨ ਉਪਰੰਤ ਉਸ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਆਬੂ ਧਾਬੀ ਤੋਂ ਭਾਰਤ ਲਿਆਂਦਾ ਗਿਆ ਹੈ | ਇਹ ਜਾਣਕਾਰੀ ਬਟਾਲਾ ਦੇ ਐਸ.ਐਸ.ਪੀ. ਸੁਹੇਲ ਕਾਸਿਮ ਮੀਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਉਰਫ ਪਿੰਦੀ ਪੁੱਤਰ ਨਿਰਮਲ ਸਿੰਘ ਵਾਸੀ ਹਰਸੀਆਂ ਪੰਜਾਬ ਪੁਲਿਸ 'ਚ ਨੌਕਰੀ ਕਰਦਾ ਸੀ ਤੇ ਹੁਣ ਬਰਖਾਸਤ ਹੈ, ਉਹ ਬੀ.ਕੇ.ਆਈ. ਦਾ ਮੈਂਬਰ ਹੈ ਤੇ ਅੰਤਰਰਾਸ਼ਟਰੀ ਪੱਧਰ 'ਤੇ ਅੱਤਵਾਦੀ ਐਲਾਨੇ ਪਾਕਿਸਤਾਨ ਆਧਾਰਿਤ ਹਰਵਿੰਦਰ ਸਿੰਘ ਉਰਫ ਰਿੰਦਾ ਤੇ ਹੈਪੀ ਪਸ਼ੀਆ ਦਾ ਨਜ਼ਦੀਕੀ ਸਾਥੀ ਹੈ | ਉਸ ਨੂੰ ਦੁਬਈ ਤੋਂ ਡਿਪੋਰਟ ਕਰਕੇ ਬਟਾਲਾ ਲਿਆਂਦਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸਤੰਬਰ 2023 'ਚ ਪਰਮਿੰਦਰ ਸਿੰਘ ਉਰਫ ਪਿੰਦੀ ਨੇ ਹਰਵਿੰਦਰ ਸਿੰਘ ਉਰਫ ਰਿੰਦਾ ਤੇ ਹੈਪੀ ਪਸ਼ੀਆ ਦੇ ਕਹਿਣ 'ਤੇ ਬਟਾਲਾ ਸ਼ਹਿਰ 'ਚ ਰਜਿੰਦਰਾ ਵਾਈਨ ਕੰਪਨੀ ਦੀਆਂ ਵੱਖ-ਵੱਖ ਦੁਕਾਨਾਂ 'ਤੇ ਪੈਟਰੋਲ ਬੰਬ ਆਪਣੇ ਸਾਥੀਆਂ ਪਾਸੋਂ ਸੁਟਵਾਏ ਸਨ | ਇਸ ਦੌਰਾਨ ਹੀ ਪਰਮਿੰਦਰ ਸਿੰਘ ਉਰਫ ਪਿੰਦੀ ਦੁਬਈ ਭੱਜ ਗਿਆ | ਪਰਮਿੰਦਰ ਸਿੰਘ ਉਰਫ ਪਿੰਦੀ ਦਾ ਬਟਾਲਾ ਪੁਲਿਸ ਵਲੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਇਕ ਸੀਨੀਅਰ ਅਧਿਕਾਰੀ ਸਮੇਤ 4 ਮੈਂਬਰੀ ਟੀਮ ਦੁਬਈ ਭੇਜੀ ਗਈ, ਜਿਸ 'ਤੇ ਬਟਾਲਾ ਪੁਲਿਸ ਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਪਰਮਿੰਦਰ ਸਿੰਘ ਉਰਫ ਪਿੰਦੀ ਨੂੰ ਦੁਬਈ ਤੋਂ ਡਿਪੋਰਟ ਕਰਵਾ ਕੇ ਪੰਜਾਬ (ਬਟਾਲਾ) ਲਿਆਂਦਾ ਗਿਆ ਹੈ, ਜਿਸ ਨੂੰ ਮੁੱਕਦਮਾ ਨੰਬਰ 112 ਮਿਤੀ 23 ਸਤੰਬਰ 2025 ਜੁਰਮ 307, 436, 427, 506, 148, 149 ਭ. ਦ. ਥਾਣਾ ਸਦਰ ਵਿਚ ਗਿ੍ਫਤਾਰ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ |
ਪੰਜਾਬ ਪੁਲਿਸ ਨੇ ਯੂ.ਏ.ਈ. ਤੋਂ ਲਿਆਂਦਾ ਬੱਬਰ ਖ਼ਾਲਸਾ ਦਾ ਕਾਰਕੁੰਨ ਪਰਮਿੰਦਰ ਸਿੰਘ ਪਿੰਦੀ
ਗਿ੍ਫ਼ਤਾਰ ਪਰਮਿੰਦਰ ਸਿੰਘ ਪਿੰਦੀ ਹਵਾਈ ਅੱਡੇ 'ਤੇ ਭਾਰਤ ਲਿਆਉਣ ਮੌਕੇ | ਤਸਵੀਰ : ਜਤਿੰਦਰ ਕੱਦ<br/>
28-09-2025