ਨਵੀਂ ਦਿੱਲੀ, 5 ਦਸੰਬਰ (ਏਜੰਸੀ)-ਰੂਸ ਨੇ ਸ਼ੁੱਕਰਵਾਰ ਨੂੰ ਭਾਰਤ 'ਚ ਮਿਲਟਰੀ ਹਾਰਡਵੇਅਰ ਅਤੇ ਰੂਸ 'ਚ ਬਣੇ ਹਥਿਆਰਾਂ ਤੇ ਡਿਫੈਂਸ ਸਾਜੋ-ਸਾਮਾਨ ਦੇ ਰੱਖ ਰਖਾਅ ਲਈ ਸਪੇਅਰ ਪਾਰਟਸ ਦੇ ਸਾਂਝੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਹਿਮਤੀ ਜਤਾਈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਸਿਖ਼ਰ ਵਾਰਤਾ ਦੌਰਾਨ ਸਮੁੱਚੇ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕੇ ਪ੍ਰਮੁੱਖਤਾ ਨਾਲ ਵਿਚਾਰੇ ਗਏ | ਹਥਿਆਰਬੰਦ ਸੈਨਾਵਾਂ ਦੀ ਇਹ ਲੰਬੇ ਸਮੇਂ ਤੋਂ ਸ਼ਿਕਾਇਤ ਰਹੀ ਹੈ ਕਿ ਰੂਸ ਤੋਂ ਮਹੱਤਵਪੂਰਨ ਸਪੇਅਰ ਪਾਰਟਸ ਅਤੇ ਉਪਕਰਣਾਂ ਦੀ ਸਪਲਾਈ 'ਚ ਲੰਮਾ ਸਮਾਂ ਲੱਗਦਾ ਹੈ, ਜਿਸ ਨਾਲ ਉਸ ਦੇਸ਼ ਤੋਂ ਖਰੀਦੀਆਂ ਗਈਆਂ ਫੌਜੀ ਪ੍ਰਣਾਲੀਆਂ ਦੇ ਰੱਖ-ਰਖਾਅ 'ਤੇ ਅਸਰ ਪੈਂਦਾ ਹੈ | ਇਕ ਸਾਂਝੇ ਬਿਆਨ 'ਚ ਕਿਹਾ ਗਿਆ ਕਿ ਦੋਵੇਂ ਧਿਰਾਂ ਮੇਕ-ਇਨ-ਇੰਡੀਆ ਪ੍ਰੋਗਰਾਮ ਤਹਿਤ ਤਕਨਾਲੋਜੀ ਦੇ ਤਬਾਦਲੇ ਰਾਹੀਂ ਰੂਸ 'ਚ ਬਣੇ ਹਥਿਆਰਾਂ ਅਤੇ ਰੱਖਿਆ ਉਪਕਰਣਾਂ ਦੇ ਰੱਖ-ਰਖਾਅ ਲਈ ਸਪੇਅਰ ਪਾਰਟਸ ਤੇ ਹੋਰ ਉਤਪਾਦਾਂ ਦੇ ਭਾਰਤ ਵਿਚ ਸਾਂਝੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਈਆਂ |