ਨਵੀਂ ਦਿੱਲੀ, 18 ਦਸੰਬਰ (ਪੀ. ਟੀ. ਆਈ.)-ਲਾਵਾਰਸ ਕੁੱਤਿਆਂ ਦੇ ਮਾਮਲੇ ਵਿਚ ਦਿੱਲੀ ਨਗਰ ਨਿਗਮ (ਐਮ.ਸੀ.ਡੀ) ਵਲੋਂ ਬਣਾਏ ਗਏ ਨਿਯਮਾਂ ਨੂੰ 'ਗੈਰ-ਮਨੁੱਖੀ' ਦੱਸਣ ਵਾਲੇ ਪਟੀਸ਼ਨਰ ਨੂੰ ਜਵਾਬ ਦਿੰਦਿਆਂ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਖ਼ਤ ਟਿੱਪਣੀ ਕੀਤੀ | ਅਦਾਲਤ ਨੇ ਕਿਹਾ ਕਿ ਅਗਲੀ ਸੁਣਵਾਈ 'ਤੇ ਇੱਕ ਵੀਡੀਓ ਚਲਾਈ ਜਾਵੇਗੀ ਅਤੇ ਪੁੱਛਿਆ ਜਾਵੇਗਾ ਕਿ 'ਇਨਸਾਨੀਅਤ ਕੀ ਹੈ' | ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੂੰ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਲਈ ਬਣਿਆ ਵਿਸ਼ੇਸ਼ ਤਿੰਨ ਮੈਂਬਰੀ ਬੈਂਚ ਰੱਦ ਹੋ ਗਿਆ ਹੈ | ਜਸਟਿਸ ਵਿਕਰਮ ਨਾਥ ਨੇ ਕਿਹਾ ਕਿ ਹੁਣ ਇਹ ਮਾਮਲਾ 7 ਜਨਵਰੀ ਨੂੰ ਸੁਣਿਆ ਜਾਵੇਗਾ | ਕਪਿਲ ਸਿੱਬਲ ਨੇ ਚਿੰਤਾ ਪ੍ਰਗਟਾਈ ਕਿ ਇਸ ਦੌਰਾਨ ਐਮ.ਸੀ.ਡੀ ਅਜਿਹੇ ਨਿਯਮ ਲਾਗੂ ਕਰ ਰਹੀ ਹੈ ਜੋ ਪੂਰੀ ਤਰ੍ਹਾਂ ਉਲਟ ਹਨ ਅਤੇ ਲਾਵਾਰਸ ਕੁੱਤਿਆਂ ਨੂੰ ਹਟਾਇਆ ਜਾ ਰਿਹਾ ਹੈ ਜਦਕਿ ਉਨ੍ਹਾਂ ਲਈ ਕੋਈ ਸ਼ੈਲਟਰ (ਆਸਰਾ) ਨਹੀਂ ਹੈ | ਉਨ੍ਹਾਂ ਕਿਹਾ ਕਿ ਜੋ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਗੈਰ-ਮਨੁੱਖੀ ਹੈ | ਇਸ 'ਤੇ ਜਸਟਿਸ ਮਹਿਤਾ ਨੇ ਸਿੱਬਲ ਨੂੰ ਕਿਹਾ ਕਿ ਅਗਲੀ ਤਾਰੀਖ਼ 'ਤੇ ਅਸੀਂ ਤੁਹਾਡੀ ਸਹੂਲਤ ਲਈ ਇੱਕ ਵੀਡੀਓ ਚਲਾਵਾਂਗੇ ਅਤੇ ਤੁਹਾਨੂੰ ਪੁੱਛਾਂਗੇ ਕਿ ਇਨਸਾਨੀਅਤ ਕੀ ਹੈ | ਸਿੱਬਲ ਨੇ ਜਵਾਬ ਦਿੱਤਾ ਕਿ ਉਹ ਵੀ ਇੱਕ ਵੀਡੀਓ ਚਲਾਉਣਗੇ ਜੋ ਦਿਖਾਏਗੀ ਕਿ ਕੀ ਹੋ ਰਿਹਾ ਹੈ | ਅਦਾਲਤ ਨੇ ਸਪਸ਼ਟ ਕੀਤਾ ਕਿ ਮਾਮਲੇ 'ਤੇ ਵਿਚਾਰ 7 ਜਨਵਰੀ ਨੂੰ ਹੀ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ 7 ਨਵੰਬਰ ਨੂੰ ਸੁਪਰੀਮ ਕੋਰਟ ਨੇ ਵਿਦਿਅਕ ਸੰਸਥਾਵਾਂ, ਹਸਪਤਾਲਾਂ ਅਤੇ ਰੇਲਵੇ ਸਟੇਸ਼ਨਾਂ ਵਰਗੇ ਜਨਤਕ ਸਥਾਨਾਂ 'ਤੇ ਲਾਵਾਰਸ ਕੁੱਤਿਆਂ ਦੇ ਵੱਢਣ ਦੀਆਂ ਵਧ ਰਹੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟਾਈ ਸੀ | ਅਦਾਲਤ ਨੇ ਨਿਰਦੇਸ਼ ਦਿੱਤੇ ਸਨ ਕਿ ਲਾਵਾਰਸ ਕੁੱਤਿਆਂ ਨੂੰ ਨਸਬੰਦੀ ਅਤੇ ਟੀਕਾਕਰਨ ਤੋਂ ਬਾਅਦ ਨਿਰਧਾਰਤ ਸ਼ੈਲਟਰਾਂ 'ਚ ਭੇਜਿਆ ਜਾਵੇ ਅਤੇ ਉਨ੍ਹਾਂ ਨੂੰ ਵਾਪਸ ਉਸੇ ਥਾਂ ਨਾ ਛੱਡਿਆ ਜਾਵੇ ਜਿੱਥੋਂ ਚੁੱਕਿਆ ਗਿਆ ਸੀ | ਅਦਾਲਤ ਨੇ ਰਾਸ਼ਟਰੀ ਮਾਰਗਾਂ ਅਤੇ ਐਕਸਪ੍ਰੈਸਵੇਅ ਤੋਂ ਬੇਸਹਾਰਾ ਪਸ਼ੂਆਂ ਨੂੰ ਹਟਾਉਣ ਦੇ ਵੀ ਹੁਕਮ ਦਿੱਤੇ ਸਨ | ਇਹ ਮਾਮਲਾ ਸੁਪਰੀਮ ਕੋਰਟ ਨੇ ਜੁਲਾਈ 'ਚ ਲਾਵਾਰਸ ਕੁੱਤਿਆਂ ਦੇ ਵੱਢਣ ਕਾਰਨ ਬੱਚਿਆਂ ਵਿਚ ਫੈਲ ਰਹੇ ਹਲਕਾਅ ਦੀਆਂ ਖ਼ਬਰਾਂ 'ਤੇ ਖ਼ੁਦ ਨੋਟਿਸ ਲੈਂਦਿਆਂ ਸ਼ੁਰੂ ਕੀਤਾ ਸੀ |