ਪਾਕਿ ਵਿਦੇਸ਼ ਮੰਤਰਾਲੇ ਨੇ ਸਿੰਧੂ ਜਲ ਸੰਧੀ ਦੀ ਉਲੰਘਣਾ ਦਾ ਲਗਾਇਆ ਦੋਸ਼
ਅੰਮਿ੍ਤਸਰ, 18 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੁਸੈਨ ਅੰਦਰਾਬੀ ਨੇ ਅੱਜ ਹਫ਼ਤਾਵਾਰੀ ਪ੍ਰੈੱਸ ਬ੍ਰੀਫਿੰਗ 'ਚ ਭਾਰਤ 'ਤੇ ਦੋਸ਼ ਲਗਾਇਆ ਕਿ ਭਾਰਤ ਨੇ ਸਰਦੀਆਂ ਦੇ ਮੌਸਮ ਦੌਰਾਨ ਹੈੱਡ ਮਰਾਲਾ ਵਿਖੇ ਚਨਾਬ ਨਦੀ 'ਚ ਅਚਾਨਕ ਵੱਡੀ ਮਾਤਰਾ ਵਿਚ ਪਾਣੀ ਛੱਡ ਕੇ 'ਜਲ ਯੁੱਧ' ਨੂੰ ਮੁੜ ਸੁਰਜੀਤ ਕੀਤਾ ਹੈ | ਉਨ੍ਹਾਂ ਕਿਹਾ ਕਿ ਪਿਛਲੇ 10 ਦਿਨਾਂ ਤੋਂ ਚਨਾਬ ਦੇ ਪਾਣੀ ਦੇ ਵਹਾਅ 'ਚ ਅਚਾਨਕ ਤਬਦੀਲੀਆਂ ਦਰਜ ਕੀਤੀਆਂ ਗਈਆਂ ਹਨ | ਇਸ ਤੋਂ ਬਾਅਦ ਲਗਾਤਾਰ 4 ਦਿਨਾਂ ਲਈ ਪ੍ਰਵਾਹ ਨੂੰ 870 ਤੇ 1,000 ਕਿਊਸਿਕ ਦੇ ਵਿਚਕਾਰ ਘਟਾ ਦਿੱਤਾ ਗਿਆ | ਉਨ੍ਹਾਂ ਨੇ ਕਿਹਾ ਕਿ ਪਾਕਿ ਨੇ ਸਿੰਧੂ ਜਲ ਕਮਿਸ਼ਨਰ ਰਾਹੀਂ ਭਾਰਤ ਨਾਲ ਸੰਪਰਕ ਕੀਤਾ ਹੈ, ਸਿੰਧੂ ਜਲ ਸੰਧੀ 'ਚ ਦਰਸਾਏ ਗਏ ਪ੍ਰਕਿਰਿਆਵਾਂ ਦੇ ਅਨੁਸਾਰ ਵੇਰਵੇ ਤੇ ਸਪਸ਼ਟੀਕਰਨ ਮੰਗਿਆ ਹੈ | ਪਾਕਿ ਅਧਿਕਾਰੀਆਂ ਦੇ ਅਨੁਸਾਰ ਭਾਰਤ ਸਰਕਾਰ ਨੇ 7 ਤੇ 8 ਦਸੰਬਰ ਦੀ ਅੱਧੀ ਰਾਤ ਨੂੰ ਅਚਾਨਕ 58,000 ਕਿਊਸਿਕ ਪਾਣੀ ਛੱਡ ਦਿੱਤਾ | ਪਾਕਿ ਦੇ ਸਿੰਧੂ ਜਲ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਭਾਰਤੀ ਹਮਰੁਤਬਾ ਨੂੰ ਇਕ ਰਸਮੀ ਪੱਤਰ ਲਿਖਿਆ ਹੈ, ਜਿਸ 'ਚ ਦਾਅਵਾ ਕੀਤਾ ਹੈ ਕਿ ਆਰਬਿਟਰੇਸ਼ਨ ਕੋਰਟ ਦੇ ਕਥਿਤ ਫ਼ੈਸਲੇ ਅਨੁਸਾਰ ਸਿੰਧੂ ਜਲ ਸੰਧੀ ਪੂਰੀ ਤਰ੍ਹਾਂ ਲਾਗੂ ਹੈ | ਹਾਲਾਂਕਿ ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਅਗਲੇ ਹੀ ਦਿਨ 23 ਅਪ੍ਰੈਲ 2024 ਨੂੰ ਸਿੰਧੂ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ |
ਭਾਰਤ ਨੇ ਮੁੜ ਸ਼ੁਰੂ ਕੀਤਾ 'ਜਲ ਯੁੱਧ'-ਪਾਕਿਸਤਾਨ
ਅਜੀਤ ਡੈਸਕ
19-12-2025