ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣਾ ਏਜੰਡੇ 'ਤੇ
ਹਰਕਵਲਜੀਤ ਸਿੰਘ
ਚੰਡੀਗੜ੍ਹ, 19 ਦਸੰਬਰਪੰਜਾਬ ਮੰਤਰੀ ਮੰਡਲ ਦੀ ਵਿਸ਼ੇਸ਼ ਬੈਠਕ ਕੱਲ੍ਹ ਸੱਦੀ ਗਈ ਹੈ, ਜਿਸ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਜਨਵਰੀ ਦੇ ਦੂਸਰੇ ਹਫ਼ਤੇ ਸੱਦੇ ਜਾਣ ਸੰਬੰਧੀ ਫ਼ੈਸਲਾ ਲਿਆ ਜਾਵੇਗਾ | ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦੇ ਜਾਣ ਸੰਬੰਧੀ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਇਥੇ ਕੀਤਾ ਗਿਆ | ਸੂਚਨਾ ਅਨੁਸਾਰ ਪਾਰਟੀ ਦੇ ਸੀਨੀਅਰ ਆਗੂਆਂ ਦੀ ਕੱਲ੍ਹ ਸ਼ਾਮ ਹੋਈ ਇਕ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ ਤੇ ਵਿਸ਼ੇਸ਼ ਇਜਲਾਸ 'ਚ ਮਨਰੇਗਾ ਸਕੀਮ ਦਾ ਨਾਂਅ ਬਦਲਣ ਤੋਂ ਇਲਾਵਾ ਸਕੀਮ 'ਚ ਕੁਝ ਰਾਜਾਂ ਲਈ ਕੀਤੇ ਗਏ ਬਦਲਾਵਾਂ 'ਤੇ ਵਿਚਾਰ ਹੋਵੇਗਾ | ਵਿਧਾਨ ਸਭਾ ਦਾ ਇਜਲਾਸ ਉਠਾਉਣ ਸੰਬੰਧੀ ਬੀਤੇ ਕੱਲ੍ਹ ਕੀਤੇ ਗਏ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਨਵੇਂ ਸਾਲ ਦਾ ਇਹ ਪਹਿਲਾ ਇਜਲਾਸ ਹੋਵੇਗਾ ਤੇ ਨਿਯਮਾਂ ਅਨੁਸਾਰ ਨਵੇਂ ਸਾਲ ਦੀ ਵਿਧਾਨ ਸਭਾ ਦੀ ਪਹਿਲੀ ਬੈਠਕ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੁੰਦੀ ਹੈ | ਸਮਝਿਆ ਜਾਂਦਾ ਹੈ ਕਿ ਮੰਤਰੀ ਮੰਡਲ ਦੀ ਬੈਠਕ ਵਲੋਂ ਰਾਜਪਾਲ ਦਾ ਭਾਸ਼ਣ ਤਿਆਰ ਕਰਨ ਦੇ ਮਾਮਲੇ 'ਤੇ ਵੀ ਬੈਠਕ 'ਚ ਵਿਚਾਰ ਵਟਾਂਦਰਾ ਹੋ ਸਕਦਾ ਹੈ | ਮੰਤਰੀ ਮੰਡਲ ਵਲੋਂ ਰਾਜਪਾਲ ਵਲੋਂ ਪੜ੍ਹੇ ਜਾਣ ਵਾਲੇ ਭਾਸ਼ਣ ਦੀ ਪ੍ਰਵਾਨਗੀ ਲਈ ਅਧਿਕਾਰ ਵੀ ਮੁੱਖ ਮੰਤਰੀ ਨੂੰ ਹੀ ਦਿੱਤੇ ਜਾਣ ਦੀ ਸੰਭਾਵਨਾ ਹੈ | ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ, ਜੋ ਤਿੰਨ ਦਿਨਾ ਪੰਜਾਬ ਦੌਰੇ 'ਤੇ ਹਨ, ਵੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਬੀਤੇ ਦਿਨ ਦੀ ਮੀਟਿੰਗ 'ਚ ਸ਼ਾਮਿਲ ਸਨ, ਜਿਸ 'ਚ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਤੋਂ ਇਲਾਵਾ ਬਲਾਕ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ 'ਚ ਪਾਰਟੀ ਦੀ ਜਿੱਤ ਤੋਂ ਬਾਅਦ ਅਗਲੇ ਦਿਨਾਂ ਦੀ ਰਣਨੀਤੀ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਸੂਚਨਾ ਅਨੁਸਾਰ ਪਾਰਟੀ ਆਪਣੀਆਂ ਬਾਕੀ ਰਹਿ ਗਈਆਂ ਚੋਣ ਗਰੰਟੀਆਂ ਨੂੰ ਮਾਰਚ 2026 ਦੇ ਬਜਟ 'ਚ ਲਾਗੂ ਕਰਨਾ ਚਾਹੁੰਦੀ ਹੈ ਤੇ ਇਸੇ ਲਈ ਸਰਕਾਰ ਵਲੋਂ ਮਗਰਲੇ ਕੁੱਝ ਸਮੇਂ ਤੋਂ ਵਿੱਤੀ ਸਾਧਨ ਜੁਟਾਉਣ ਲਈ ਨੀਮ ਸਰਕਾਰੀ ਅਦਾਰਿਆਂ ਤੋਂ ਸਰਪਲੱਸ ਪੈਸਾ ਵਾਪਸ ਲੈਣ ਤੋਂ ਇਲਾਵਾ ਵਰਤੋਂ 'ਚ ਨਾ ਆ ਰਹੀਆਂ ਸਰਕਾਰੀ ਜ਼ਮੀਨਾਂ ਦੀ ਵਿਕਰੀ ਵੱਲ ਧਿਆਨ ਦਿੱਤਾ ਗਿਆ ਹੈ | ਸਰਕਾਰੀ ਸੂਤਰਾਂ ਦਾ ਮੰਨਣਾ ਹੈ ਕਿ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਨਾਲ ਸਰਕਾਰ ਔਰਤਾਂ ਨੂੰ ਦਿੱਤੇ ਜਾਣ ਵਾਲੇ ਭੱਤੇ ਸਮੇਤ ਬਾਕੀ ਰਹਿੰਦੀਆਂ ਗਰੰਟੀਆਂ ਨੂੰ ਅਮਲ ਹੇਠ ਲਿਆਉਣ ਲਈ ਵਿੱਤੀ ਸਾਧਨ ਜੁਟਾ ਸਕੇਗੀ |
ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ
ਅਜੀਤ ਡੈਸਕ
20-12-2025