ਕਿਹਾ, ਭਾਰਤ ਨੇ ਪਾਣੀ ਰੋਕਿਆ ਤਾਂ ਇਸ ਨੂੰ ਜੰਗ ਦੀ ਕਾਰਵਾਈ ਮੰਨਿਆ ਜਾਵੇਗਾ
ਸੁਰਿੰਦਰ ਕੋਛੜ
ਅੰਮਿ੍ਤਸਰ, 19 ਦਸੰਬਰ-ਆਰਥਿਕ ਮੰਦੀ ਦੇ ਨਾਲ-ਨਾਲ ਪਾਣੀ ਸੰਕਟ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਇਕ ਵਾਰ ਫਿਰ ਸਿੰਧੂ ਜਲ ਸੰਧੀ 'ਤੇ ਭੜਕਿਆ ਹੋਇਆ ਹੈ | ਇਸ ਬਾਰੇ 'ਚ ਪਾਕਿ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਭਾਰਤ 'ਤੇ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਸਿੰਧੂ ਜਲ ਸੰਧੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਹਾਲੀਆ ਕਾਰਵਾਈਆਂ ਇਸ ਇਤਿਹਾਸਕ ਸਮਝੌਤੇ ਦੀ ਭਾਵਨਾ 'ਤੇ ਸਿੱਧਾ ਹਮਲਾ ਹਨ | ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡਾਰ ਨੇ ਕਿਹਾ ਕਿ ਪਾਕਿ ਨੇ ਚਨਾਬ ਨਦੀ ਤੋਂ ਪਾਣੀ ਦੇ ਵਹਾਅ 'ਚ ਅਚਾਨਕ ਤਬਦੀਲੀ ਬਾਰੇ ਭਾਰਤ ਤੋਂ ਅਧਿਕਾਰਤ ਤੌਰ 'ਤੇ ਸਪੱਸ਼ਟੀਕਰਨ ਮੰਗਿਆ ਹੈ | ਉਨ੍ਹਾਂ ਕਿਹਾ ਕਿ ਇਹ ਮੁੱਦਾ ਪਾਕਿ ਲਈ ਬਹੁਤ ਸੰਵੇਦਨਸ਼ੀਲ ਹੈ, ਕਿਉਂਕਿ ਇਹ ਸਿੱਧੇ ਤੌਰ 'ਤੇ ਦੇਸ਼ ਦੀ ਖੇਤੀਬਾੜੀ ਅਤੇ ਆਮ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ | ਵਿਦੇਸ਼ ਮੰਤਰੀ ਡਾਰ ਨੇ ਸਿੰਧੂ ਜਲ ਸੰਧੀ ਨੂੰ ਲੈ ਕੇ ਭਾਰਤ ਨੂੰ ਧਮਕੀ ਦਿੰਦਿਆਂ ਐਲਾਨ ਕੀਤਾ ਕਿ ਜੇਕਰ ਭਾਰਤ ਨੇ ਪਾਕਿ ਦਾ ਪਾਣੀ ਰੋਕਿਆ ਤਾਂ ਇਸ ਨੂੰ ਜੰਗ ਦੀ ਕਾਰਵਾਈ ਮੰਨਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸਿੰਧੂ ਜਲ ਸੰਧੀ ਸਿਰਫ਼ ਦੋ ਦੇਸ਼ਾਂ ਵਿਚਕਾਰ ਇਕ ਸਮਝੌਤਾ ਨਹੀਂ ਹੈ, ਸਗੋਂ ਕੌਮਾਂਤਰੀ ਕਾਨੂੰਨ ਅਤੇ ਖੇਤਰੀ ਸਥਿਰਤਾ ਦੀ ਨੀਂਹ ਹੈ | ਡਾਰ ਨੇ ਕਿਹਾ ਕਿ ਅਪ੍ਰੈਲ 'ਚ ਭਾਰਤ ਨੇ ਇੱਕਪਾਸੜ ਤੌਰ 'ਤੇ ਸਿੰਧੂ ਜਲ ਸੰਧੀ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ, ਜੋ ਕਿ ਕੌਮਾਂਤਰੀ ਕਾਨੂੰਨ ਅਤੇ ਸਮਝੌਤਿਆਂ ਦੇ ਉਲਟ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਵਲੋਂ ਹੁਣ ਜੋ ਹੋ ਰਿਹਾ ਹੈ ਉਹ ਸਿਰਫ਼ ਸੰਧੀ ਦੀ ਮੁਅੱਤਲੀ ਨਹੀਂ ਹੈ ਸਗੋਂ ਸੰਧੀ ਦੀ ਗੰਭੀਰ ਉਲੰਘਣਾ ਹੈ, ਜਿਸ ਦੇ ਦੂਰਗਾਮੀ ਅਤੇ ਖ਼ਤਰਨਾਕ ਨਤੀਜੇ ਹੋ ਸਕਦੇ ਹਨ | ਡਾਰ ਨੇ ਕਿਹਾ ਕਿ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਇਕ ਦਿਨ ਬਾਅਦ ਭਾਰਤ ਨੇ ਪਾਕਿ ਵਿਰੁੱਧ ਕਈ ਸਖ਼ਤ ਕਦਮ ਚੁੱਕੇ, ਜਿਸ 'ਚ 1960 ਦੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨਾ ਵੀ ਸ਼ਾਮਲ ਹੈ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤ ਸਿੰਧੂ ਬੇਸਿਨ ਦੇ ਪਾਣੀਆਂ ਨਾਲ ਛੇੜਛਾੜ ਕਰ ਰਿਹਾ ਹੈ, ਖ਼ਾਸ ਕਰਕੇ ਅਜਿਹੇ ਸਮੇਂ ਜਦੋਂ ਮਹੱਤਵਪੂਰਨ ਫ਼ਸਲੀ ਸੀਜ਼ਨ ਦੀ ਸ਼ੁਰੂਆਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨੀ ਕਿਸਾਨਾਂ ਦੀ ਰੋਜ਼ੀ-ਰੋਟੀ ਅਤੇ ਦੇਸ਼ ਦੀ ਭੋਜਨ ਸੁਰੱਖਿਆ ਲਈ ਸਿੱਧਾ ਖ਼ਤਰਾ ਹੈ |
ਸਿੰਧੂ ਜਲ ਸੰਧੀ 'ਤੇ ਇਕ ਵਾਰ ਫਿਰ ਭੜਕਿਆ ਪਾਕਿਸਤਾਨ <br/>
ਅਜੀਤ ਡੈਸਕ
20-12-2025