ਕਾਨੂੰਨੀ ਟੀਮਾਂ ਫ਼ੈਸਲੇ ਨੂੰ ਹਾਈ ਕੋਰਟ 'ਚ ਦੇਣਗੀਆਂ ਚੁਣੌਤੀ
ਅੰਮਿ੍ਤਸਰ, 20 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਰਾਵਲਪਿੰਡੀ ਦੀ ਜੇਲ੍ਹ 'ਚ ਬੰਦ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਅੱਜ ਸਵੇਰੇ ਤੋਸ਼ਾਖ਼ਾਨਾ-2 ਮਾਮਲੇ 'ਚ 17 ਸਾਲ ਦੀ ਕੈਦ ਦੀ ਸਜ਼ਾ ਸੁਣਾਈ | ਇਹ ਮਾਮਲਾ ਸਾਊਦੀ ਕਰਾਊਨ ਪਿ੍ੰਸ ਮੁਹੰਮਦ ਬਿਨ ਸਲਮਾਨ ਵਲੋਂ ਪਾਕਿ ਦੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਦਿੱਤੇ ਗਏ ਮਹਿੰਗੇ ਬੁਲਗਾਰੀ ਗਹਿਣਿਆਂ ਦੇ ਤੋਹਫ਼ੇ ਨਾਲ ਸੰਬੰਧਿਤ ਹੈ | ਦੋਸ਼ ਹੈ ਕਿ ਖ਼ਾਨ ਨੇ ਸਰਕਾਰੀ ਖ਼ਜ਼ਾਨੇ ਤੋਂ ਗਹਿਣੇ ਬਹੁਤ ਘੱਟ ਕੀਮਤ 'ਤੇ ਖ਼ਰੀਦੇ ਸਨ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ 3 ਕਰੋੜ 28 ਲੱਖ 50 ਹਜ਼ਾਰ ਦਾ ਨੁਕਸਾਨ ਪਹੁੰਚਿਆ | ਹਾਲਾਂਕਿ, ਇਮਰਾਨ ਖ਼ਾਨ ਨੇ ਤੋਸ਼ਾਖ਼ਾਨਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਤੋਹਫ਼ੇ ਨਿੱਜੀ ਤੌਰ 'ਤੇ ਮਿਲੇ ਸਨ ਅਤੇ ਇਸ ਲਈ ਉਨ੍ਹਾਂ ਨੂੰ ਇਹ ਰੱਖਣ ਦਾ ਅਧਿਕਾਰ ਸੀ | ਦੱਸਣਯੋਗ ਹੈ ਕਿ ਇਮਰਾਨ ਖ਼ਾਨ ਨੂੰ ਤੋਸ਼ਾਖ਼ਾਨਾ-1 ਨਾਲ ਸੰਬੰਧਿਤ ਵੱਖ-ਵੱਖ ਮਾਮਲਿਆਂ 'ਚ ਤਿੰਨ ਤੋਂ 14 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ, ਜਦੋਂ ਕਿ ਉਨ੍ਹਾਂ ਦੇ ਵਿਰੁੱਧ ਕਈ ਹੋਰ ਮਾਮਲੇ ਅਜੇ ਵੀ ਵਿਚਾਰ ਅਧੀਨ ਹਨ | ਜਾਣਕਾਰੀ ਅਨੁਸਾਰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ 'ਚ ਸੁਣਵਾਈ ਦੌਰਾਨ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਦੀ ਵਿਸ਼ੇਸ਼ ਅਦਾਲਤ ਦੇ ਜੱਜ ਸ਼ਾਹਰੁਖ਼ ਅਰਜ਼ੁਮੰਦ ਦੁਆਰਾ ਉਕਤ ਫ਼ੈਸਲਾ ਸੁਣਾਇਆ ਗਿਆ | ਇਮਰਾਨ ਖ਼ਾਨ ਨੂੰ ਇਸ ਮਾਮਲੇ 'ਚ ਵੱਖ-ਵੱਖ ਅਪਰਾਧਿਕ ਅਤੇ ਭਿ੍ਸ਼ਟਾਚਾਰ ਦੇ ਦੋਸ਼ਾਂ ਲਈ ਅਪਰਾਧਿਕ ਉਲੰਘਣਾ ਐਕਟ (ਧਾਰਾ 409) ਦੀ ਧਾਰਾ 409 ਦੇ ਤਹਿਤ 10 ਸਾਲ ਦੀ ਸਖ਼ਤ ਕੈਦ ਅਤੇ ਭਿ੍ਸ਼ਟਾਚਾਰ ਰੋਕਥਾਮ ਐਕਟ ਦੀ ਧਾਰਾ 5(2)47 ਦੇ ਤਹਿਤ 7 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਿਸ ਨਾਲ ਉਨ੍ਹਾਂ ਨੂੰ ਕੁੱਲ 17 ਸਾਲ ਦੀ ਕੈਦ ਸੁਣਾਈ ਗਈ | ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੀ ਇਨ੍ਹਾਂ ਹੀ ਧਾਰਾਵਾਂ ਤਹਿਤ 17 ਸਾਲ ਦੀ ਸਜ਼ਾ ਸੁਣਾਈ ਗਈ | ਇਸ ਤੋਂ ਇਲਾਵਾ ਦੋਵਾਂ ਨੂੰ ਵੱਖਰੇ-ਵੱਖਰੇ ਤੌਰ 'ਤੇ 1.64 ਕਰੋੜ ਰੁਪਇਆਂ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ | ਫ਼ੈਸਲੇ ਤੋਂ ਬਾਅਦ ਇਮਰਾਨ ਖ਼ਾਨ ਅਤੇ ਬੁਸ਼ਰਾ ਬੀਬੀ ਦੀਆਂ ਕਾਨੂੰਨੀ ਟੀਮਾਂ ਨੇ ਕਿਹਾ ਹੈ ਕਿ ਉਹ ਇਸ ਫ਼ੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦੇਣਗੇ |
ਕਿਵੇਂ ਆਇਆ ਮਾਮਲਾ ਸਾਹਮਣੇ?
ਸਾਲ 2018 'ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਮਰਾਨ ਖ਼ਾਨ ਸਾਊਦੀ ਅਰਬ ਗਏ ਤਾਂ ਸਾਊਦੀ ਪਿ੍ੰਸ ਮੁਹੰਮਦ ਬਿਨ ਸਲਮਾਨ ਨੇ ਉਨ੍ਹਾਂ ਨੂੰ ਸੋਨੇ ਅਤੇ ਹੀਰਿਆਂ ਨਾਲ ਬਣੀ ਮਹਿੰਗੀ ਬੁਲਗਾਰੀ ਘੜੀ ਦਾ ਸੈੱਟ ਤੋਹਫ਼ੇ ਵਜੋਂ ਦਿੱਤਾ | ਸੈੱਟ ਦੀ ਅਸਲ ਕੀਮਤ 7 ਕਰੋੜ 16 ਲੱਖ 60 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ | ਸਾਊਦੀ ਅਰਬ ਤੋਂ ਵਾਪਸ ਆਉਣ ਤੋਂ ਬਾਅਦ ਇਮਰਾਨ ਖ਼ਾਨ ਨੇ ਘੜੀ ਆਪਣੀ ਪਤਨੀ ਬੁਸ਼ਰਾ ਨੂੰ ਰੱਖਣ ਲਈ ਦਿੱਤੀ | ਉਨ੍ਹਾਂ ਨੇ ਤੋਹਫ਼ੇ ਨੂੰ ਸਰਕਾਰੀ ਖ਼ਜ਼ਾਨੇ 'ਚ ਜਮ੍ਹਾਂ ਕਰਵਾਉਣ ਤੋਂ ਬਚਣ ਲਈ ਪਾਕਿ ਆਰਕਾਈਵਜ਼ ਸਾਹਮਣੇ ਇਸ ਤੋਹਫ਼ੇ ਦੀ ਕੀਮਤ ਬਹੁਤ ਘੱਟ ਦੱਸੀ | ਕੁਝ ਦਿਨਾਂ ਬਾਅਦ ਬੁਸ਼ਰਾ ਬੀਬੀ ਨੇ ਘੜੀ ਉਸ ਸਮੇਂ ਦੇ ਮੰਤਰੀ ਜ਼ੁਲਫੀ ਬੁਖਾਰੀ ਨੂੰ ਦੇ ਕੇ ਇਸ ਨੂੰ ਵੇਚਣ ਲਈ ਕਿਹਾ | ਇਸ ਤੋਂ ਬਾਅਦ ਬੁਸ਼ਰਾ ਬੀਬੀ ਦੀ ਦੋਸਤ ਫ਼ਰਾਹ ਖ਼ਾਨ ਉਰਫ਼ ਫ਼ਰਾਹ ਗੋਗੀ ਅਤੇ ਮੰਤਰੀ ਬੁਖਾਰੀ ਘੜੀ ਵੇਚਣ ਲਈ ਇਕ ਸ਼ੋਅਰੂਮ 'ਚ ਗਏ, ਜਿਸ ਨੇ ਨਿਰਮਾਣ ਕੰਪਨੀ ਨੂੰ ਫ਼ੋਨ ਕੀਤਾ | ਜਿਵੇਂ ਹੀ ਘੜੀ ਬਣਾਉਣ ਵਾਲੀ ਕੰਪਨੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਸਿੱਧੇ ਸਾਊਦੀ ਪਿ੍ੰਸ ਦੇ ਦਫ਼ਤਰ ਨਾਲ ਸੰਪਰਕ ਕੀਤਾ ਅਤੇ ਪੁੱਛਿਆ ਕਿ ਤੁਹਾਡੇ ਵਲੋਂ ਖ਼ਰੀਦੀਆਂ ਗਈਆਂ ਦੋ ਘੜੀਆਂ 'ਚੋਂ ਇਕ ਵਿੱਕਰੀ ਲਈ ਆਈ ਹੈ | ਕੀ ਤੁਸੀਂ ਇਸ ਨੂੰ ਭੇਜਿਆ ਹੈ ਜਾਂ ਇਹ ਚੋਰੀ ਹੋ ਗਈ ਹੈ? ਇਸ 'ਤੇ ਜਦੋਂ ਸਾਊਦੀ ਪਿ੍ੰਸ ਦੇ ਦਫ਼ਤਰ ਨੇ ਇਸ ਮਾਮਲੇ ਬਾਰੇ ਪੁੱਛਗਿੱਛ ਕਰਨ ਲਈ ਪਾਕਿਸਤਾਨੀ ਸਰਕਾਰ ਨਾਲ ਸੰਪਰਕ ਕੀਤਾ ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ | ਜਲਦੀ ਬਾਅਦ ਬੁਸ਼ਰਾ, ਫ਼ਰਾਹ ਗੋਗੀ ਅਤੇ ਮੰਤਰੀ ਜ਼ੁਲਫੀ ਬੁਖਾਰੀ ਦੀ ਇਕ ਆਡੀਓ ਰਿਕਾਰਡਿੰਗ ਲੀਕ ਹੋ ਗਈ |
ਇਮਰਾਨ ਖ਼ਾਨ ਤੇ ਬੁਸ਼ਰਾ ਬੀਬੀ ਨੂੰ ਤੋਸ਼ਾਖ਼ਾਨਾ-2 ਮਾਮਲੇ 'ਚ 17 ਸਾਲ ਕੈਦ
ਅਜੀਤ ਡੈਸਕ
21-12-2025