ਨਵੀਂ ਦਿੱਲੀ, 20 ਦਸੰਬਰ (ਉਪਮਾ ਡਾਗਾ ਪਾਰਥ)-ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ 'ਪਰੀਕਸ਼ਾ ਪੇ ਚਰਚਾ' ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ | ਇਹ ਪ੍ਰੋਗਰਾਮ ਜਨਵਰੀ ਦੇ ਆਖ਼ਰੀ ਹਫ਼ਤੇ 'ਚ ਹੋ ਸਕਦਾ ਹੈ | 8 ਸਾਲ ਪਹਿਲਾਂ ਸ਼ੁਰੂ ਹੋਏ ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਸਕੂਲੀ ਬੱਚਿਆਂ, ਉਨ੍ਹਾਂ ਦੇ ਮਾਂ-ਬਾਪ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਦੇ ਹਨ | ਮੋਦੀ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਨ ਅਤੇ ਆਪਣੇ ਸੁਝਾਅ ਵੀ ਦਿੰਦੇ ਹਨ | 'ਪਰੀਕਸ਼ਾ ਪੇ ਚਰਚਾ' ਪ੍ਰੋਗਰਾਮ 'ਚ ਰਜਿਸਟ੍ਰੇਸ਼ਨ ਮਾਈ ਗੌਵ ਪੋਰਟਲ (My 7ovt. Portal) ਰਾਹੀਂ ਹੁੰਦਾ ਹੈ | ਇਸ ਪ੍ਰੋਗਰਾਮ ਲਈ ਕਲਾਸ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਂ-ਬਾਪ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ | ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 11 ਜਨਵਰੀ, 2026 ਹੈ | 'ਮਾਈ ਗੌਵ' ਵਲੋਂ ਜਾਰੀ ਅੰਕੜਿਆਂ ਮੁਤਾਬਿਕ ਹੁਣ ਤੱਕ 1 ਕਰੋੜ, 27 ਲੱਖ, 38 ਹਜ਼ਾਰ 536 ਰਜਿਸਟ੍ਰੇਸ਼ਨ ਹੋ ਚੁੱਕੇ ਹਨ ਜਿਨ੍ਹਾਂ 'ਚੋਂ 1 ਕਰੋੜ, 18 ਲੱਖ, 22 ਹਜ਼ਾਰ 531 ਵਿਦਿਆਰਥੀ ਹਨ |