ਮੈਦਾਨੀ ਹਿੱਸਿਆਂ 'ਚ ਸੰਘਣੀ ਧੁੰਦ-ਪਹਾੜਾਂ 'ਚ ਬਰਫ਼ਬਾਰੀ
ਹਰਮਿੰਦਰ ਸਿੰਘ
ਸੰਦੀਪ ਕੁਮਾਰ ਮਾਹਨਾ
ਅੰਮਿ੍ਤਸਰ/ਚੰਡੀਗੜ੍ਹ, 21 ਦਸੰਬਰ -ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ 'ਚ ਧੁੰਦ ਪੈਣ ਕਰਕੇ ਸੀਤ ਲਹਿਰ ਨੇ ਜ਼ੋਰ ਫੜ੍ਹ ਲਿਆ ਹੈ | ਪੰਜਾਬ ਤੇ ਹਰਿਆਣਾ ਦੇ ਬਹੁਤੇ ਹਿੱਸਿਆਂ 'ਚ ਅਗਲੇ ਹਫ਼ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ | ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ 'ਚ ਬੀਤੇ ਕੁਝ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ ਤੇ ਅਗਲੇ ਦਿਨਾਂ 'ਚ ਧੁੰਦ ਦਾ ਕਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ | ਪੰਜਾਬ ਦੇ ਕੁਝ ਹਿੱਸਿਆਂ 'ਚ ਧੁੰਦ ਨਾਲ ਅਸਮਾਨ 'ਤੇ ਬਦਲ ਵੀ ਬਣੇ ਰਹੇ | ਲੰਘੇ 24 ਘੰਟਿਆਂ 'ਚ ਗੁਰਦਾਸਪੁਰ ਸਭ ਤੋਂ ਠੰਢਾ ਰਿਹਾ, ਜਿਥੇ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਇਸ ਦੌਰਾਨ ਹਰਿਆਣਾ ਦਾ ਮਹਿੰਦਰਗੜ੍ਹ ਸਭ ਤੋਂ ਠੰਡਾ ਰਿਹਾ, ਜਿਥੇ ਘੱਟ ਤੋਂ ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਧੁੰਦ ਕਾਰਨ ਦਿਨ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ | ਅੰਮਿ੍ਤਸਰ 'ਚ ਤਾਪਮਾਨ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਤੱਕ, ਲੁਧਿਆਣਾ 'ਚ 2.7 ਡਿਗਰੀ ਸੈਲਸੀਅਸ ਤੇ ਪਟਿਆਲਾ 'ਚ ਆਮ ਨਾਲੋਂ 18 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਗਈ | ਸੋਮਵਾਰ ਨੂੰ ਪੰਜਾਬ ਦੇ ਕੁਝ ਹਿੱਸਿਆਂ 'ਚ ਬਦਲਵਾਈ ਦੀ ਸੰਭਾਵਨਾ ਹੈ | ਇਸ ਤੋਂ ਬਾਅਦ ਧੁੰਦ ਨਾਲ ਆਮ ਤੌਰ 'ਤੇ ਮੌਸਮ ਇਕ ਹਫ਼ਤੇ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ |
ਚੰਡੀਗੜ੍ਹ ਹਵਾਈ ਅੱਡੇ ਤੋਂ ਕਈ ਉਡਾਣਾਂ ਪ੍ਰਭਾਵਿਤ
ਧੁੰਦ ਦਾ ਸਭ ਤੋਂ ਵੱਡਾ ਅਸਰ ਚੰਡੀਗੜ੍ਹ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੇਖਣ ਨੂੰ ਮਿਲਿਆ | ਅੱਜ ਸਵੇਰੇ 8 ਵਜੇ ਤੱਕ ਕੁੱਲ 10 ਉਡਾਣਾਂ ਪ੍ਰਭਾਵਿਤ ਹੋਈਆਂ | ਸਵੇਰੇ ਜਾਣ ਵਾਲੀਆਂ 7 ਉਡਾਣਾਂ 'ਚ 5.20 ਵਜੇ ਮੁੰਬਈ, 5.30 ਗੋਆ, 5.55 ਲਖਨਊ, 7.05 ਕੋਲਕਾਤਾ, 7.20 ਚੇਨਈ, 7.50 ਦਿੱਲੀ ਅਤੇ 8 ਵਜੇ ਬੈਂਗਲੁਰੂ ਜਾਣ ਵਾਲੀਆਂ ਉਡਾਣਾਂ ਸ਼ਾਮਿਲ ਸਨ | ਇਸੇ ਤਰ੍ਹਾਂ ਸਵੇਰੇ 5.40 ਵਜੇ ਦਿੱਲੀ ਤੋਂ ਆਉਣ ਵਾਲੀ, 5.55 ਵਜੇ ਪੁਣੇ ਤੋਂ ਅਤੇ 7.20 ਵਜੇ ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ ਵੀ ਧੁੰਦ ਕਾਰਨ ਪ੍ਰਭਾਵਿਤ ਰਹੀਆਂ | ਇਸ ਕਾਰਨ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ |
ਕਸ਼ਮੀਰ 'ਚ ਬਰਫ਼ਬਾਰੀ ਤੇ ਮੀਂਹ
ਕਸ਼ਮੀਰ 'ਚ ਬਰਫ਼ਬਾਰੀ ਅਤੇ ਮੀਂਹ ਨੇ ਘੱਟੋ-ਘੱਟ ਤਾਪਮਾਨ 'ਚ ਵਾਧਾ ਕੀਤਾ, ਸ੍ਰੀਨਗਰ ਵਿੱਚ ਇਸ ਸਰਦੀਆਂ ਦੀ ਸਭ ਤੋਂ ਗਰਮ ਰਾਤ ਦਰਜ ਕੀਤੀ ਗਈ | ਸਥਾਨਕ ਮÏਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਐਤਵਾਰ ਨੂੰ ਸ੍ਰੀਨਗਰ 'ਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਸੀ, ਜੋ ਆਮ ਨਾਲੋਂ 6 ਡਿਗਰੀ ਵੱਧ ਸੀ, ਕਿਉਂਕਿ ਕਸ਼ਮੀਰ ਦੇ ਉੱਚੇ ਇਲਾਕਿਆਂ 'ਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਨੇ ਲੰਬੇ ਸੋਕੇ ਤੋਂ ਬਾਅਦ ਘਾਟੀ ਦੇ ਲੋਕਾਂ ਨੂੰ ਬਹੁਤ ਲੋੜੀਂਦੀ ਰਾਹਤ ਦਿੱਤੀ | 'ਚਿਲਈ-ਕਲਾਂ', ਜੋ ਕਿ 40 ਦਿਨਾਂ ਦਾ ਸਭ ਤੋਂ ਸਖ਼ਤ ਸਰਦੀਆਂ ਦਾ ਸਮਾਂ ਸੀ, ਨੇ ਲੰਬੇ ਸੋਕੇ ਤੋਂ ਬਾਅਦ ਘਾਟੀ ਦੇ ਲੋਕਾਂ ਨੂੰ ਬਹੁਤ ਲੋੜੀਂਦੀ ਰਾਹਤ ਦਿੱਤੀ | ਉਨ੍ਹਾਂ ਕਿਹਾ ਕਿ ਘੱਟੋ-ਘੱਟ ਤਾਪਮਾਨ 'ਚ ਵਾਧਾ ਖੇਤਰ ਵਿੱਚ ਬੱਦਲਵਾਈ ਕਾਰਨ ਹੋਇਆ ਹੈ | ਉੱਤਰੀ ਕਸ਼ਮੀਰ ਵਿੱਚ ਗੁਲਮਰਗ ਇਕੋ ਇਕ ਮÏਸਮ ਸਟੇਸ਼ਨ ਸੀ ਜਿਥੇ ਤਾਪਮਾਨ ਜ਼ੀਰੋ ਤੋਂ ਹੇਠਾਂ ਆ ਗਿਆ, ਕਿਉਂਕਿ ਪਾਰਾ ਮਨਫ਼ੀ 1.5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜੋ ਸਾਲ ਦੇ ਇਸ ਸਮੇਂ ਲਈ ਆਮ ਨਾਲੋਂ 5 ਡਿਗਰੀ ਵੱਧ ਹੈ | ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਸਮੇਤ ਬਾਕੀ ਮÏਸਮ ਸਟੇਸ਼ਨਾਂ 'ਚ ਘੱਟੋ-ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਅਤੇ 3.8 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ | ਮÏਸਮ ਵਿਭਾਗ ਨੇ ਉੱਚੇ ਇਲਾਕਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ |
ਉੱਤਰੀ ਭਾਰਤ 'ਚ ਸੀਤ ਲਹਿਰ ਨੇ ਫੜਿਆ ਜ਼ੋਰ
ਅਜੀਤ ਡੈਸਕ
22-12-2025