ਵਿਦੇਸ਼ ਮੰਤਰੀ ਡਾਰ ਨੇ ਕਬੂਲਿਆ ਨੂਰ ਖ਼ਾਨ ਏਅਰ ਬੇਸ ਦੀ ਤਬਾਹੀ ਦਾ ਸੱਚ
ਅੰਮਿ੍ਤਸਰ, 28 ਦਸੰਬਰ (ਸੁਰਿੰਦਰ ਕੋਛੜ)-ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ 'ਚ ਭਾਰਤ ਵਲੋਂ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸੰਧੂਰ ਦੌਰਾਨ ਪਾਕਿਸਤਾਨ 'ਚ ਅੱਤਵਾਦੀਆਂ ਦੀਆਂ ਪਨਾਹਗਾਹਾਂ ਤੇ ਉਸ ਤੋਂ ਬਾਅਦ ਫ਼ੌਜੀ ਠਿਕਾਣਿਆਂ ਦੀ ਕੀਤੀ ਤਬਾਹੀ ਬਾਰੇ ਪਾਕਿ ਸਰਕਾਰ ਹਮੇਸ਼ਾ ਇਨਕਾਰ ਕਰਦੀ ਰਹੀ ਹੈ | ਇਸ ਤੋਂ ਇਲਾਵਾ ਆਪ੍ਰੇਸ਼ਨ ਸੰਧੂਰ ਨੂੰ ਲੈ ਕੇ ਪਾਕਿ ਕੌਮੀ ਤੇ ਕੌਮਾਂਤਰੀ ਮੰਚਾਂ 'ਤੇ ਆਪਣੀ ਫ਼ੌਜ ਦੀ ਝੂਠੀ ਬਹਾਦਰੀ ਦੇ ਕਿੱਸੇ-ਕਹਾਣੀਆਂ ਵੀ ਸੁਣਾਉਂਦਾ ਆ ਰਿਹਾ ਹੈ | ਜਦਕਿ ਹੁਣ ਪਾਕਿਸਤਾਨੀ ਫ਼ੌਜ ਤੇ ਇਸ ਦੀ ਹਾਲਤ ਬਾਰੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਇਕ ਨਵਾਂ ਤੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ | ਇਕ ਜਨਤਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪਾਕਿ ਰਾਸ਼ਟਰਪਤੀ ਨੇ ਦੱਸਿਆ ਕਿ ਕਿਵੇਂ ਆਪ੍ਰੇਸ਼ਨ ਸੰਧੂਰ ਦੌਰਾਨ ਪਾਕਿਸਤਾਨੀ ਫ਼ੌਜ ਬੰਕਰਾਂ 'ਚ ਲੁਕੀ ਹੋਈ ਸੀ | ਉਨ੍ਹਾਂ ਨੇ ਮੰਨਿਆ ਕਿ ਤਣਾਅਪੂਰਨ ਸਥਿਤੀ ਦੌਰਾਨ ਪਾਕਿਸਤਾਨੀ ਫ਼ੌਜ ਬੰਕਰਾਂ 'ਚ ਲੁਕੀ ਹੋਈ ਸੀ ਤੇ ਉਨ੍ਹਾਂ ਨੂੰ ਖ਼ੁਦ ਬੰਕਰ 'ਚ ਰਹਿਣ ਦੀ ਸਲਾਹ ਦਿੱਤੀ ਗਈ ਸੀ | ਦੂਜੇ ਪਾਸੇ, ਪਾਕਿ ਦੇ ਵਿਦੇਸ਼ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਮੰਨਿਆ ਕਿ ਆਪ੍ਰੇਸ਼ਨ ਸੰਧੂਰ ਦੌਰਾਨ ਪਾਕਿ ਦੇ ਸਭ ਤੋਂ ਮਹੱਤਵਪੂਰਨ ਨੂਰ ਖਾਨ ਏਅਰ ਬੇਸ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ | ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਡਾਰ ਨੇ ਮੰਨਿਆ ਕਿ ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤ ਦੀ ਸਟੀਕ ਸਟ੍ਰਾਈਕ ਨੇ ਨੂਰ ਖਾਨ ਏਅਰ ਬੇਸ ਤੇ ਹੋਰਨਾ ਹਵਾਈ ਠਿਕਾਣਿਆਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ, ਜਿਸ ਨਾਲ ਉਨ੍ਹਾਂ ਦੇ ਕਈ ਕਰਮਚਾਰੀ ਜ਼ਖਮੀ ਹੋ ਗਏ | ਹਾਲਾਂਕਿ, ਇਸ ਤੋਂ ਪਹਿਲਾਂ ਪਾਕਿ ਲਗਾਤਾਰ ਦਾਅਵਾ ਕਰਦਾ ਰਿਹਾ ਹੈ ਕਿ ਆਪ੍ਰੇਸ਼ਨ ਸੰਧੂਰ ਦੌਰਾਨ ਉਨ੍ਹਾਂ ਨੂੰ ਕੋਈ ਖ਼ਾਸ ਨੁਕਸਾਨ ਨਹੀਂ ਹੋਇਆ | ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ 36 ਘੰਟਿਆਂ ਦੇ ਅੰਦਰ ਪਾਕਿਸਤਾਨੀ ਖੇਤਰ 'ਚ 80 ਡਰੋਨ ਹਮਲੇ ਕੀਤੇ ਅਤੇ ਇਨ੍ਹਾਂ ਡਰੋਨਾਂ ਨੇ ਫ਼ੌਜੀ ਸਥਾਪਨਾਵਾਂ ਨੂੰ ਵੀ ਨੁਕਸਾਨ ਪਹੁੰਚਾਇਆ |
'ਆਪ੍ਰੇਸ਼ਨ ਸੰਧੂਰ' ਦੌਰਾਨ ਪਾਕਿਸਤਾਨੀ ਫ਼ੌਜ ਬੰਕਰਾਂ 'ਚ ਲੁਕੀ ਹੋਈ ਸੀ-ਜ਼ਰਦਾਰੀ
ਅਜੀਤ ਡੈਸਕ
29-12-2025