ਹੁਸ਼ਿਆਰਪੁਰ, 1 ਜੂਨ (ਬਲਜਿੰਦਰਪਾਲ ਸਿੰਘ)-ਲੋਕ ਸੋਚਦੇ ਹਨ ਕਿ ਡਾਕਖ਼ਾਨੇ ਵਿਚ ਪੈਸੇ ਜਮ੍ਹਾਂ ਕਰਵਾਉਣੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਪਰ ਪਿੰਡਾਂ ਦੇ ਭੋਲੇ ਲੋਕਾਂ ਨੂੰ ਲੱੁਟਣ ਵਾਲੇ ਵੀ ਕਮਾਲ ਹਨ | ਖੈਰੜ ਰਾਖਲ ਬੱਸੀ ਦੇ ਪਿੰਡ 'ਚ ਖੁੱਲੇ੍ਹ ਡਾਕਖ਼ਾਨੇ 'ਚ ਗਰੀਬ ਮਜ਼ਦੂਰਾਂ ਦੀ 60-70 ਲੱਖ ਰੁਪਏ ਦੀ ਹੋਈ ਲੁੱਟ ਨੂੰ ਲੈ ਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪੀੜਤ ਲੋਕਾਂ ਨਾਲ ਮਿਲ ਕੇ ਡਾਕਖ਼ਾਨੇ ਦੇ ਉਚ ਅਧਿਕਾਰੀਆਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ | ਧੀਮਾਨ ਨੇ ਕਿਹਾ ਕਿ ਜ਼ਿਲ੍ਹਾ ਪੋਸਟ ਆਫ਼ਿਸ ਅਧਿਕਾਰੀ ਵਲੋਂ ਘਪਲਾ ਕਰਨ ਵਾਲਿਆਂ ਵਿਰੱੁਧ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜੋ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਨੇ ਪੈਸੇ ਤਾਂ ਵਾਪਸ ਕੀ ਕਰਵਾਉਣੇ ਸਨ ਤੇ ਉਲਟਾ ਡਾਕਖ਼ਾਨੇ ਦੇ ਖਾਤਾ ਧਾਰਕਾਂ ਤੋਂ ਬਣੀਆਂ ਪਾਸ ਬੁੱਕਾਂ ਅਤੇ ਹੋਈਆਂ ਗਲਤ ਐਂਟਰੀਆਂ ਦਾ ਸਾਰਾ ਰਿਕਾਰਡ ਵੀ ਲੋਕਾਂ ਨੂੰ ਵਿਸ਼ਵਾਸ 'ਚ ਲੈ ਕੇ ਕਬਜ਼ੇ 'ਚ ਲੈ ਲਿਆ | ਧੀਮਾਨ ਨੇ ਦੱਸਿਆ ਕਿ ਲੋਕਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਦਾ ਕੱੁਝ ਹਿੱਸਾ ਭਵਿੱਖ ਦੀਆਂ ਲੋੜਾਂ ਪੂਰੀਆਂ ਕਰਨ ਲਈ ਜੋੜ ਕੇ ਜਮ੍ਹਾਂ ਕਰਵਾਈ ਸੀ ਪ੍ਰੰਤੂ ਡਾਕਖ਼ਾਨੇ ਦੇ ਅਧਿਕਾਰੀਆਂ ਨੇ ਉਚ ਅਧਿਕਾਰੀਆਂ ਨਾਲ ਮਿਲ ਕੇ ਲੱਖਾਂ ਰੁਪਏ ਡਕਾਰ ਲਏ | ਉਨ੍ਹਾਂ ਦੱਸਿਆ ਕਿ ਅਸਲ 'ਚ ਇਹ ਘਪਲਾ 2023-24 ਤੋਂ ਸੁਲਗਦਾ ਆ ਰਿਹਾ ਸੀ ਤੇ ਖਾਤਾ ਧਾਰਕਾਂ ਨੂੰ ਇਸ ਦੀ ਭਿਣਕ ਤੱਕ ਵੀ ਨਹੀਂ ਲੱਗਣ ਦਿੱਤੀ ਗਈ ਅਤੇ ਇਹ ਘਪਲਾ ਜਨਵਰੀ 2025 'ਚ ਉਜਾਗਰ ਹੋਇਆ | ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਨੂੰ ਸਭ ਕੱੁਝ ਪਤਾ ਹੋਣ ਦੇ ਬਾਵਜੂਦ ਕੋਈ ਵੀ ਕਾਰਵਾਈ ਤੱਕ ਨਹੀਂ ਕੀਤੀ | ਉਨ੍ਹਾਂ ਦਸਿਆ ਕਿ ਉਕਤ ਡਾਕਖ਼ਾਨੇ ਦੇ ਮੌਜੂਦਾ ਸਟਾਫ਼ ਮੈਂਬਰ ਨੇ ਪਹਿਲਾਂ ਆਪਣਾ ਲੋਕਾਂ ਦੇ ਘਰਾਂ ਵਿਚ ਸਕੀਮਾਂ ਦੇਣ ਲਈ ਵਿਸ਼ਵਾਸ ਬਣਾਇਆ ਤੇ ਫਿਰ ਬਾਅਦ ਵਿਚ ਉਹ ਕਾਪੀਆਂ ਵਿਚ ਦਰਜ ਕਰਨ ਦਾ ਵੀ ਵਿਸ਼ਵਾਸ ਦੇ ਦਿੰਦੇ ਸੀ | ਸੱਚਾਈ ਇਹ ਹੈ ਕਿ ਜਦੋਂ ਇਹ ਸਾਰਾ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਹੇਠ ਸੀ ਉਨ੍ਹਾਂ ਨੇ ਇਸ ਦੇ ਵਿਰੱੁਧ ਕਾਰਵਾਈ ਕਿਉਂ ਨਹੀਂ ਕੀਤੀ ਤੇ ਕਿਉਂ ਭਿ੍ਸ਼ਟਾਚਾਰ ਲਗਾਤਾਰ ਹੋਣ ਦਿੱਤਾ ਗਿਆ | ਧੀਮਾਨ ਨੇ ਕਿਹਾ ਕਿ ਜਦੋਂ ਪੈਸੇ ਸਮੇਤ ਵਿਆਜ ਪੀੜਤ ਖਾਤਾ ਧਾਰਕਾਂ ਨੂੰ ਵਾਪਸ ਨਹੀਂ ਮਿਲਦੇ, ਉੱਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਇਸ ਘਪਲੇ ਦੀ ਉਚ ਪੱਧਰੀ ਜਾਂਚ ਕਰਵਾ ਕੇ ਤੁਰੰਤ ਖਾਤਾ ਧਾਰਕਾਂ ਦੇ ਪੈਸੇ ਸਮੇਤ ਵਿਆਜ ਦੇ ਵਾਪਸ ਕੀਤੇ ਜਾਣ | ਇਸ ਮੌਕੇ ਅਵਤਾਰ ਸਿੰਘ, ਬਲਰਾਜ ਸਿੰਘ, ਰਮਨਦੀਪ, ਸਲਮਾ ਦੇਵੀ, ਹਰਜਿੰਦਰ ਕੌਰ, ਹਰਿੰਦਰਪਾਲ ਕੌਰ, ਅਮਨਦੀਪ ਕੌਰ, ਬਲਵੀਰ ਕੌਰ ਆਦਿ ਹਾਜ਼ਰ ਸਨ |