ਐਮਾਂ ਮਾਂਗਟ, 4 ਜੂਨ (ਗੁਰਾਇਆ)-ਛੇਵੀਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਨਰਾਇਣ ਕੁਟੀਆ ਨਗਰ ਨਰਾਇਣਗੜ੍ਹ ਵਿਖੇ ਰੱਖੇ ਅਖੰਡ ਪਾਠ ਦੀ ਪਹਿਲੀ ਲੜੀ ਦੇ ਭੋਗ ਪਾਏ ਗਏ | ਭੋਗ ਉਪਰੰਤ ਸੰਤ ਮਹਾਂਪੁਰਸ਼ ਸੰਤ ਹਰਜਿੰਦਰ ਸਿੰਘ ਜੀ ਮੰਝਪੁਰ ਵਾਲਿਆਂ ਨੇ ਬਹੁਤ ਹੀ ਵਡਮੁੱਲੇ ਪ੍ਰਵਚਨਾਂ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ | ਇਹ ਜਾਣਕਾਰੀ ਸਾਂਝੀ ਕਰਦੇ ਹੋਏ ਭਾਈ ਦਿਲਬਾਗ ਸਿੰਘ ਮੰਝਪੁਰ ਦੇ ਦੱਸਿਆ ਕਿ ਧਾਰਮਿਕ ਮਹਾਨ ਸਲਾਨਾ ਸਮਾਗਮ ਨੂੰ ਮੁੱਖ ਰੱਖ ਕੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ | ਇਸ ਅਸਥਾਨ ਤੇ ਨਤਮਸਤਕ ਹੋ ਰਹੀਆਂ ਸੰਗਤਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਰੋਜ਼ਾਨਾ ਛਬੀਲਾਂ ਲਗਾਈਆਂ ਜਾ ਰਹੀਆਂ ਹਨ ਤੇ ਪਾਰਕਿੰਗ ਆਦਿ ਦੇ ਪ੍ਰਬੰਧ ਵੀ ਕੀਤੇ ਗਏ ਹਨ | ਰੋਜ਼ਾਨਾ ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ ਕੀਰਤਨ ਦੀਵਾਨ ਸਜਾਏ ਜਾ ਰਹੇ ਹਨ | ਇਲਾਕਾ ਨਿਵਾਸੀਆਂ ਸੰਗਤਾਂ ਅਤੇ ਦੂਰ ਦੁਰਾਡੇ ਤੋਂ ਸੰਗਤਾਂ ਪਹੁੰਚ ਕਰਕੇ ਲਾਹ ਪ੍ਰਾਪਤ ਕਰ ਰਹੀਆਂ ਹਨ | ਇਸ ਲੜੀਵਾਰ ਚੱਲ ਰਹੇ ਮਹਾਨ ਸਮਾਗਮ ਦੀ ਸੰਪੂਰਨਤਾਈ 8 ਜੂਨ ਦਿਨ ਐਤਵਾਰ ਨੂੰ ਹੋਵੇਗੀ | ਇਸ ਦੌਰਾਨ ਖੁੱਲੇ੍ਹ ਪੰਡਾਲ ਵਿਚ ਮਹਾਨ ਕੀਰਤਨ ਦੀਵਾਨ ਸਜਾਏ ਜਾਣਗੇ ਅਤੇ ਬਾਹਰੋਂ ਸੰਤ ਮਹਾਂਪੁਰਸ਼ ਵੀ ਆਪੋ-ਆਪਣੇ ਸਮੇਂ ਅਨੁਸਾਰ ਹਾਜ਼ਰੀ ਭਰਨਗੇ | ਇਸ ਮੌਕੇ ਚੇਅਰਮੈਨ ਜਗਜੀਤ ਸਿੰਘ ਛੰਨੀ ਨੰਦ ਸਿੰਘ, ਜਥੇਦਾਰ ਲਖਵਿੰਦਰ ਸਿੰਘ ਲੱਖੀ ਆਬਾਦਗੜ, ਸੁਰਜੀਤ ਸਿੰਘ ਭੱਟੀਆਂ ਜੱਟਾਂ, ਭਾਈ ਸੁਖਵਿੰਦਰ ਸਿੰਘ ਟਾਂਡਾ ਰਾਮ ਸਹਾਏ, ਸੁੱਚਾ ਸਿੰਘ ਟਾਂਡਾ ਰਾਮ ਸਹਾਇ, ਜਥੇਦਾਰ ਮਹਿੰਦਰ ਸਿੰਘ ਨਰਾਇਣਗੜ੍ਹ, ਜਥੇਦਾਰ ਸੁਰਿੰਦਰ ਸਿੰਘ ਨਰਾਇਣਗੜ੍ਹ, ਜਥੇਦਾਰ ਤਰਲੋਚਨ ਸਿੰਘ, ਸੂਰਮ ਸਿੰਘ ਸਰਪੰਚ, ਦਲਜੀਤ ਸਿੰਘ ਨਰਾਇਣਗੜ੍ਹ, ਸਰਪੰਚ ਬੱਗਾ ਸਿੰਘ ਗੰਗਾ ਚੱਕ, ਅਮਰੀਕ ਸਿੰਘ ਗੰਗਾ ਚੱਕ, ਭਾਈ ਅਵਤਾਰ ਸਿੰਘ ਗੰਗਾ ਚੱਕ, ਸੁਖਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋਈਆਂ |