ਦਸੂਹਾ, 29 ਅਗਸਤ (ਕੌਸ਼ਲ)- ਆਮ ਆਦਮੀ ਪਾਰਟੀ ਵਲੋਂ ਇਸਤਰੀਆਂ ਨੂੰ ਪਾਰਟੀ ਅੰਦਰ ਵਧੇਰੇ ਭਾਗੀਦਾਰੀ ਦੇਣ ਦੇ ਉਦੇਸ਼ ਨਾਲ ਵੱਡਾ ਕਦਮ ਚੁੱਕਦਿਆਂ ਰਣਜੀਤ ਕੌਰ ਨੂੰ ਦਸੂਹਾ ਸ਼ਹਿਰ ਦੀ ਇਸਤਰੀ ਵਿੰਗ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਹਲਕੇ ਦੇ ਵਿਧਾਇਕ ਸ. ਕਰਮਵੀਰ ਸਿੰਘ ਘੁੰਮਣ ਵਲੋਂ ਰਣਜੀਤ ਕੌਰ ਦਾ ਸਨਮਾਨ ਕਰਕੇ ਉਸ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਵਧਾਈ ਦਿੱਤੀ ਗਈ | ਇਸ ਸਮਾਗਮ ਦੌਰਾਨ ਵਿਧਾਇਕ ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਵਰਗ ਨੂੰ ਮਾਣ ਅਤੇ ਅਹਿਮੀਅਤ ਦੇਣ ਦੇ ਵਾਅਦੇ 'ਤੇ ਪੂਰੀ ਉਤਰ ਰਹੀ ਹੈ | ਖ਼ਾਸ ਕਰਕੇ ਇਸਤਰੀ ਵਿੰਗ ਨੂੰ ਮਜ਼ਬੂਤ ਬਣਾਉਣ ਲਈ ਵੱਖ-ਵੱਖ ਬਲਾਕਾਂ ਵਿਚ ਇਸਤਰੀ ਵਿੰਗ ਦੇ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਹਨ ਤਾਂ ਜੋ ਇਸਤਰੀਆਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਮਿਲ ਸਕੇ | ਇਸ ਮੌਕੇ ਇਸਤਰੀ ਵਿੰਗ ਇੰਚਾਰਜ ਜਤਿੰਦਰ ਕੌਰ, ਮਨਜੀਤ ਸੰਧੂ, ਸੰਤੋਖ ਤੋਖੀ ਅਤੇ ਅਮਰਪ੍ਰੀਤ ਸਿੰਘ ਖਾਲਸਾ ਵੀ ਮੌਜੂਦ ਰਹੇ ਜਿਨ੍ਹਾਂ ਨੇ ਰਣਜੀਤ ਕੌਰ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ 'ਤੇ ਵਧਾਈ ਦਿੱਤੀ ਅਤੇ ਯਕੀਨ ਜਤਾਇਆ ਕਿ ਉਹ ਪਾਰਟੀ ਦੇ ਵਿਚਾਰਾਂ ਤੇ ਲੋਕਾਂ ਦੀ ਭਲਾਈ ਲਈ ਚੰਗਾ ਕੰਮ ਕਰਨਗੇ | ਵਿਧਾਇਕ ਘੁੰਮਣ ਨੇ ਕਿਹਾ ਕਿ ਦਸੂਹਾ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਇਸਤਰੀ ਵਿੰਗ ਜਲਦੀ ਹੀ ਹਰ ਬਲਾਕ ਪੱਧਰ 'ਤੇ ਆਪਣਾ ਸੰਗਠਨ ਖੜਾ ਕਰੇਗੀ ਜਿਸ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਤੇ ਲੋਕਾਂ ਤੱਕ ਸਰਕਾਰ ਦੀਆਂ ਯੋਜਨਾਵਾਂ ਪਹੁੰਚਾਉਣ ਵਿੱਚ ਸਹੂਲਤ ਰਹੇਗੀ |