ਮੁਕੇਰੀਆਂ, 29 ਅਗਸਤ (ਰਾਮਗੜ੍ਹੀਆ)- ਮਾਨਸਰ ਤੋਂ ਹਾਜੀਪੁਰ ਨੂੰ ਜਾਣ ਵਾਲੀ ਸੜਕ ਵਿਚਕਾਰ ਵੱਡੇ-ਵੱਡੇ ਟੋਏ ਪੈਣ ਨਾਲ ਅਕਸਰ ਹੀ ਲੋਕ ਇਨ੍ਹਾਂ ਟੋਇਆ ਵਿਚ ਡਿਗ ਕੇ ਹਾਦਸਿਆਂ ਦਾ ਸ਼ਿਕਾਰ ਹੋਏ ਹਨ | ਇਸ ਸੜਕ ਦੀ ਲੰਬਾਈ 15 ਕਿੱਲੋਮੀਟਰ ਦੇ ਕਰੀਬ ਹੈ ਅਤੇ ਬਰਸਾਤ ਦੇ ਮੌਸਮ ਵਿਚ ਸੜਕ ਨੇ ਦਰਿਆ ਦਾ ਰੂਪ ਧਾਰਨ ਕਰ ਲਿਆ ਹੈ | ਸੜਕ ਵਿਚਕਾਰ ਟੋਏ ਜ਼ਿਆਦਾ ਅਤੇ ਸੜਕ ਘੱਟ ਦਿਖਾਈ ਦਿੰਦੀ ਹੈ | ਸਬੰਧਿਤ ਵਿਭਾਗ ਵਲੋਂ ਇਸ ਮਾਰਗ ਵੱਲ ਧਿਆਨ ਨਾ ਦਿੱਤੇ ਜਾਣ ਕਰਕੇ ਲੋਕਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦੇ ਹੋਏ ਇਲਾਕਾ ਵਾਸੀਆਂ ਨੇ ਦੱਸਿਆ ਕਿ ਮਾਨਸਰ-ਹਾਜੀਪੁਰ ਸੜਕ ਦੀ ਹਾਲਤ ਕਾਫ਼ੀ ਸਮੇਂ ਤੋਂ ਤਰਸਯੋਗ ਬਣੀ ਹੋਈ ਹੈ ਪਰ ਇਸ ਪਾਸੇ ਸੰਬੰਧਿਤ ਵਿਭਾਗ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ 15 ਕਿਲੋਮੀਟਰ ਲੰਬੀ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਹਾਜੀਪੁਰ ਤੋਂ ਮਾਨਸਰ ਤੱਕ ਜਾਂਦਿਆਂ ਕਾਰ ਜਾਂ ਹੋਰ ਵਾਹਨਾਂ 'ਤੇ ਕਰੀਬ ਡੇਢ ਘੰਟੇ ਦਾ ਸਮਾਂ ਲੱਗ ਜਾਂਦਾ ਹੈ ਜਿਸ ਕਾਰਨ ਸਕੂਲ ਦੀਆਂ ਬੱਸਾਂ ਅਤੇ ਹੋਰ ਨੌਕਰੀ ਪੇਸ਼ੇ ਵਾਲੇ ਲੋਕ ਅਕਸਰ ਸਮੇਂ ਸਿਰ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚਦੇ | ਉਨ੍ਹਾਂ ਕਿਹਾ ਹੁਣ ਸੜਕ ਵਿਚਕਾਰ ਪਏ ਟੋਏ ਮੀਂਹ ਦੇ ਪਾਣੀ ਨਾਲ ਭਰ ਚੁੱਕੇ ਹਨ ਜੋ ਆਉਂਦੇ-ਜਾਂਦੇ ਰਾਹਗੀਰਾਂ ਨੂੰ ਦਿਖਾਈ ਨਹੀਂ ਦਿੰਦੇ ਅਤੇ ਦੋ ਪਹੀਆ ਵਾਹਨ ਚਾਲ ਅਕਸਰ ਹੀ ਇਨ੍ਹਾਂ ਟੋਇਆ ਵਿਚ ਡਿਗ ਗਏ ਸੱਟਾਂ ਲਗਵਾ ਬੈਠਦੇ ਹਨ | ਉਨ੍ਹਾਂ ਦੱਸਿਆ ਕਿ ਇਹ ਮਾਰਗ ਇੱਕ ਬਾਈਪਾਸ ਦੇ ਤੌਰ 'ਤੇ ਵੀ ਕੰਮ ਕਰਦਾ ਹੈ ਕਿਉਂਕਿ ਹਿਮਾਚਲ ਤੋਂ ਜੰਮੂ ਜਾਣ ਵਾਲੇ ਕਈ ਰਾਹਗੀਰ ਜਿਆਦਾਤਰ ਇਸ ਰਸਤੇ ਰਾਹੀਂ ਆਉਂਦੇ-ਜਾਂਦੇ ਹਨ | ਉਨ੍ਹਾਂ ਕਿਹਾ ਇਸ ਸੜਕ ਰਾਹੀਂ ਕਈ ਪ੍ਰਸ਼ਾਸਨਿਕ ਅਧਿਕਾਰੀ ਰੋਜ਼ਾਨਾ ਗੁਜ਼ਰਦੇ ਹਨ ਜੋ ਸੜਕ ਦੀ ਖਸਤਾ ਹਾਲਤ ਨੰੂ ਦੇਖਦੇ ਹੋਏ ਵੀ ਮੂਕ ਦਰਸ਼ਕ ਬਣੀ ਬੈਠੇ ਹਨ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਖਸਤਾ ਹਾਲਤ ਸੜਕ ਦੀ ਹਾਲਤ ਸੁਧਾਰਨ ਵਾਸਤੇ ਸੰਬੰਧਿਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਜਾਣ ਤਾਂ ਜੋ ਰਾਹਗੀਰਾਂ ਨੂੰ ਆਉਣ-ਜਾਣ ਸਮੇਂ ਆ ਰਹੀ ਮੁਸ਼ਕਿਲ ਤੋਂ ਨਿਜਾਤ ਮਿਲ ਸਕੇ |