ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ)-ਯੂਥ ਅਕਾਲੀ ਦਲ (ਹੁਸ਼ਿਆਰਪੁਰ ਦਿਹਾਤੀ) ਦੇ ਪ੍ਰਧਾਨ ਇੰਦਰਜੀਤ ਸਿੰਘ ਕੰਗ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਪੰਜਾਬ ਦੇ ਅੱਠ ਜ਼ਿਲਿ੍ਹਆਂ 'ਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਤੇ 1300 ਤੋਂ ਵੱਧ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਗਏ ਹਨ | ਉਨ੍ਹਾਂ ਕਿਹਾ ਕਿ ਰਾਵੀ, ਬਿਆਸ, ਸਤਲੁਜ ਤੇ ਘੱਗਰ ਦਰਿਆ ਦਾ ਪਾਣੀ ਵੱਧਣ ਨਾਲ ਪੰਜਾਬ ਦੇ ਕਈ ਹਿੱਸਿਆਂ 'ਚ ਗੰਭੀਰ ਸਥਿਤੀ ਪੈਦਾ ਹੋ ਚੁੱਕੀ ਹੈ | ਕਈ ਜ਼ਿਲਿ੍ਹਆਂ ਵਿਚ ਲੋਕਾਂ ਨੂੰ ਘਰ-ਘਰੋਂ ਬੇਘਰ ਹੋਣਾ ਪੈ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਨੂੰ ਰਾਹਤ ਪਹੁੰਚਾਉਣ 'ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ | ਉਨ੍ਹਾਂ ਮੰਗ ਕੀਤੀ ਕਿ ਹਰ ਪ੍ਰਭਾਵਿਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ, ਫ਼ਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੂੰ ਪੂਰੀ ਰਕਮ ਦੀ ਭਰਪਾਈ ਅਤੇ ਘਰਾਂ ਦੇ ਟੁੱਟਣ ਨਾਲ ਬੇਘਰ ਹੋਏ ਪਰਿਵਾਰਾਂ ਨੂੰ ਨਵੇਂ ਘਰ ਬਣਾਉਣ ਲਈ ਸਹਾਇਤਾ ਦਿੱਤੀ ਜਾਵੇ | ਇੰਦਰਜੀਤ ਸਿੰਘ ਕੰਗ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਹੜ੍ਹ ਪੀੜਤਾਂ ਲਈ ਤੁਰੰਤ ਵੱਡਾ ਰਾਹਤ ਪੈਕੇਜ ਐਲਾਨ ਨਾ ਕੀਤਾ ਤਾਂ ਯੂਥ ਅਕਾਲੀ ਦਲ ਲੋਕਾਂ ਦੇ ਨਾਲ ਮਿਲ ਕੇ ਵੱਡਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗਾ |