ਹੁਸ਼ਿਆਰਪੁਰ, 2 ਸਤੰਬਰ (ਹਰਪ੍ਰੀਤ ਕੌਰ)-ਪੰਜਾਬ ਸਟੇਟ ਪਾਵਰਕਾਮ ਲਿਮਟਿਡ ਦੇ ਇਕ ਠੇਕਾ ਕਰਮਚਾਰੀ ਦੀ ਬੀਤੇ ਦਿਨ ਕਰੰਟ ਲੱਗਣ ਨਾਲ ਹੋਈ ਮੌਤ ਦੇ ਸੰਬੰਧ 'ਚ ਬਿਜਲੀ ਵਿਭਾਗ ਤੇ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਬਿਜਲੀ ਵਿਭਾਗ ਦੇ ਠੇਕਾ ਕਰਮਚਾਰੀਆਂ ਨੇ ਪ੍ਰਭਾਤ ਚੌਕ 'ਚ ਚੱਕਾ ਜਾਮ ਕੀਤਾ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਪਰਿਵਾਰਕ ਮੈਂਬਰਾਂ ਤੇ ਯੂਨੀਅਨ ਦੇ ਮੈਂਬਰਾਂ ਨੇ ਦੋਸ਼ ਲਗਾਇਆ ਕਿ ਥਾਣਾ ਮਾਡਲ ਟਾਊਨ ਪੁਲਿਸ ਵਲੋਂ ਇਸ ਮਾਮਲੇ ਵਿਚ ਢਿੱਲ ਮੱਠ ਵਰਤੀ ਜਾ ਰਹੀ ਹੈ | ਡੀ. ਐਸ. ਪੀ. ਦੇਵ ਦੱਤ ਸ਼ਰਮਾ ਤੇ ਥਾਣਾ ਮਾਡਲ ਟਾਊਨ ਦੇ ਐਸ. ਐਚ. ਓ. ਸਬ ਇੰਸਪੈਕਟਰ ਗੁਰਸਾਹਿਬ ਸਿੰਘ ਮੌਕੇ 'ਤੇ ਪਹੁੰਚ ਗਏ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਐਫ. ਆਈ. ਆਰ. ਦਰਜ ਕਰ ਲਈ ਗਈ ਹੈ ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕਿਆ | ਇਸ ਮੌਕੇ ਇੰਦਰਪ੍ਰੀਤ ਸਿੰਘ, ਵਰਿੰਦਰ ਕੁਮਾਰ, ਹਰਜੀਤ ਸਿੰਘ, ਬਿਕਰਮ ਸਿੰਘ ਵਿੱਕੀ, ਤਰਲੋਚਨ ਸਿੰਘ ਆਦਿ ਮੌਜੂਦ ਸਨ |