ਹੁਸ਼ਿਆਰਪੁਰ, 3 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਆਪਣੇ ਦਫ਼ਤਰ ਵਿਚ ਇਲਾਕੇ ਦੇ ਲੋੜਵੰਦ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ | ਇਸ ਦੌਰਾਨ ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਨੂੰ ਤਰਪਾਲਾਂ ਅਤੇ ਰਾਸ਼ਨ ਦਿੱਤਾ ਤੇ ਭਰੋਸਾ ਦਿੱਤਾ ਕਿ ਕਿਸੇ ਵੀ ਲੋੜਵੰਦ ਨੂੰ ਇਕੱਲਾ ਨਹੀਂ ਛੱਡਿਆ ਜਾਵੇਗਾ | ਵਿਧਾਇਕ ਜਿੰਪਾ ਨੇ ਕਿਹਾ ਕਿ ਹਾਲ ਹੀ ਵਿਚ ਹੋਈ ਭਾਰੀ ਬਾਰਿਸ਼ ਕਾਰਨ ਸੂਬੇ ਦੇ ਕਈ ਹਿੱਸਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ | ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿਚ ਵੀ ਕਈ ਪਰਿਵਾਰਾਂ ਦੇ ਘਰਾਂ ਤੇ ਰੋਜ਼ਾਨਾ ਵਰਤੋਂ ਦੇ ਸਾਮਾਨ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਅਜਿਹੇ ਔਖੇ ਸਮੇਂ ਵਿਚ ਆਪਸੀ ਸਹਿਯੋਗ ਤੇ ਸੰਵੇਦਨਸ਼ੀਲਤਾ ਹੀ ਅਸਲ ਤਾਕਤ ਹੈ | ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਲਗਾਤਾਰ ਦੌਰਾ ਕਰ ਰਹੀ ਹੈ ਅਤੇ ਰਾਹਤ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ | ਇਸ ਮੌਕੇ ਅਮਰਜੀਤ ਬਾਜਵਾ ਸਰਪੰਚ, ਰਾਜਨ ਸੈਣੀ, ਮਦਨ ਲਾਲ, ਪਿ੍ਤਪਾਲ ਪ੍ਰਧਾਨ ਯੂਥ ਕਲੱਬ, ਪਵਨ ਸ਼ਰਮਾ, ਰਾਜਿੰਦਰ ਪੰਚ ਆਦਿ ਹਾਜ਼ਰ ਸਨ |