ਦਸੂਹਾ, 21 ਸਤੰਬਰ (ਕੌਸ਼ਲ)-ਐਸ. ਐਚ. ਓ. ਦਸੂਹਾ ਬਲਜਿੰਦਰ ਸਿੰਘ ਤੇ ਕਾਰਜ ਸਾਧਕ ਅਫ਼ਸਰ ਕਮਲਜਿੰਦਰ ਸਿੰਘ, ਨਗਰ ਕੌਂਸਲ ਮੀਤ ਪ੍ਰਧਾਨ ਅਮਰਪ੍ਰੀਤ ਸਿੰਘ (ਸੋਨੂ ਖ਼ਾਲਸਾ), ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਤੇ ਵਪਾਰ ਮੰਡਲ ਤੋਂ ਸੰਬੰਧਿਤ ਹੋਰ ਵਪਾਰੀ ਆਗੂਆਂ ਦੀ ਮੀਟਿੰਗ ਹੋਈ | ਮੀਟਿੰਗ ਵਿਚ ਪ੍ਰਵਾਸੀਆਂ ਦੀ ਪਛਾਣ, ਸ਼ਹਿਰੀ ਅਮਨ-ਸ਼ਾਂਤੀ ਬਰਕਰਾਰ ਰੱਖਣ ਅਤੇ ਸੰਭਾਵਿਤ ਗੰਭੀਰ ਘਟਨਾਵਾਂ ਦੀ ਰੋਕਥਾਮ ਲਈ ਕੁੱਝ ਮੁੱਖ ਫ਼ੈਸਲੇ ਲਏ ਗਏ | ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਕਿ ਸ਼ਹਿਰ ਅਤੇ ਪਿੰਡਾਂ ਵਿਚ ਪਰਵਾਸੀਆਂ ਦੀ ਪੂਰੀ ਤੇ ਗਹਿਰਾਈ ਨਾਲ ਪਛਾਣ ਯਕੀਨੀ ਬਣਾਈ ਜਾਵੇਗੀ | ਸ਼ੱਕੀ ਪ੍ਰਵਾਸੀਆਂ ਬਾਰੇ ਲੋੜ ਹੋਣ 'ਤੇ ਵਿਸ਼ੇਸ਼ ਜਾਂਚ ਕੀਤੀ ਜਾਵੇਗੀ ਤੇ ਕਿਸੇ ਵੀ ਘਟਨਾ ਦੀ ਪੜਤਾਲ ਲਈ ਤੁਰੰਤ ਕਾਰਵਾਈ ਲਈ ਟੀਮਾਂ ਤਿਆਰ ਕੀਤੀਆਂ ਜਾਣਗੀਆਂ | ਮੀਟਿੰਗ ਵਿਚ ਆਗੂਆਂ ਨੇ ਦੁਕਾਨਦਾਰਾਂ ਤੇ ਮਕਾਨ ਮਾਲਕਾਂ ਨੂੰ ਸਪੱਸ਼ਟ ਅਪੀਲ ਕੀਤੀ ਗਈ ਕਿ ਉਹ ਕਿਸੇ ਵੀ ਪ੍ਰਵਾਸੀ ਨੂੰ ਬਿਨਾਂ ਪਛਾਣ ਪੱਤਰ ਦੇ ਆਪਣੀ ਦੁਕਾਨ ਜਾਂ ਘਰ ਵਿਚ ਨਾ ਰੱਖਣ | ਪ੍ਰਸ਼ਾਸਨ ਵਲੋਂ ਵੱਖ-ਵੱਖ ਫ਼ੀਲਡ ਟੀਮਾਂ ਬਣਾਈਆਂ ਜਾਣਗੀਆਂ ਜੋ ਦਸੂਹਾ ਦੇ ਪਿੰਡਾਂ ਤੇ ਸ਼ਹਿਰੀ ਇਲਾਕਿਆਂ 'ਚ ਜਾ ਕੇ ਪਰਵਾਸੀਆਂ ਦੀ ਬਰੀਕੀ ਨਾਲ ਸ਼ਨਾਖ਼ਤ ਕਰਨਗੀਆਂ | ਐਸ. ਐਚ. ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋ ਪ੍ਰਵਾਸੀ ਦਾ ਨਾਂਅ, ਆਧਾਰ ਕਾਰਡ ਅਤੇ ਹੋਰ ਲਾਜ਼ਮੀ ਦਸਤਾਵੇਜ਼ ਲੋਡ ਕਰਕੇ ਉਹ ਉਸਦੀ ਰਿਕਾਰਡ ਜਾਂ ਕ੍ਰਾਈਮ ਹਿਸਟਰੀ ਚੈੱਕ ਕੀਤੀ ਜਾ ਸਕਦੀ ਹੈ ਤਾਂ ਜੋ ਸ਼ਹਿਰ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਬਰਕਰਾਰ ਰਹੇ | ਐਸ. ਐਚ. ਓ. ਬਲਜਿੰਦਰ ਸਿੰਘ ਨੇ ਮੀਟਿੰਗ ਵਿਚ ਕਿਹਾ ਸਾਡੀ ਪਹਿਲੀ ਜ਼ਿੰਮੇਵਾਰੀ ਸ਼ਹਿਰ ਦੀ ਸੁਰੱਖਿਆ ਹੈ | ਨਗਰ ਕੌਂਸਲ ਪ੍ਰਧਾਨ ਅਮਰਪ੍ਰੀਤ ਸਿੰਘ ਨੇ ਵੀ ਵਪਾਰੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਤੇ ਕਿਹਾ ਕਿ ਵਪਾਰਕ ਹਿਤਾਂ ਤੇ ਸੁਰੱਖਿਆ ਦੋਹਾਂ ਨੂੰ ਸਮਝਦਾਰੀ ਨਾਲ ਸੰਤੁਲਿਤ ਰੱਖਿਆ ਜਾਵੇ | ਸਥਾਨਕ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਦੇ ਮੁਤਾਬਕ, ਵਪਾਰੀਆਂ ਦਾ ਭਲਾ ਹੀ ਸ਼ਹਿਰ ਦਾ ਭਲਾ ਹੈ, ਇਸ ਲਈ ਵਪਾਰੀ ਬਰਾਬਰ ਸਹਿਯੋਗ ਦੇਣਗੇ | ਇਸ ਮੌਕੇ ਬਲਦੇਵ ਠਾਕੁਰ, ਦਵਿੰਦਰ ਰੋਜੀ, ਰਵਿੰਦਰ ਸਿੰਘ ਕਾਲਾ, ਮੁੰਨਾ ਵਰਮਾ, ਸੋਨੂ ਪੁਰੀ, ਗੁਰਚਰਨ ਸਿੰਘ ਡਾਇਮੰਡ, ਰਾਜੂ ਠਕਰਾਲ, ਅਤੇ ਹੋਰ ਹਾਜ਼ਰ ਸਨ |