ਗੜ੍ਹਦੀਵਾਲਾ, 21 ਸਤੰਬਰ (ਚੱਗਰ)-ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਤੇ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਦੀ ਅਗਵਾਈ ਹੇਠ ਅੱਸੂ ਦਾ ਸਾਲਾਨਾ ਸਮਾਗਮ ਸ਼ਰਧਾ ਨਾਲ ਮਨਾਇਆ | ਇਸ ਮੌਕੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਧਨਵੰਤ ਸਿੰਘ ਤੇ ਭਾਈ ਹਰਿੰਦਰ ਸਿੰਘ ਬ੍ਰਹਮ ਗਿਆਨੀ ਅਤੇ ਭਾਈ ਅਵਤਾਰ ਸਿੰਘ ਬੋਦਲਾਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਦ ਕਿ ਪੰਥ ਦੇ ਪ੍ਰਸਿੱਧ ਢਾਡੀ ਭਾਈ ਜਸਵੀਰ ਸਿੰਘ ਮੋਹਲੇਕੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਇਤਿਹਾਸ ਸਰਵਣ ਕਰਾਇਆ | ਇਸ ਮੌਕੇ ਸਿੱਖ ਵਿਦਵਾਨ ਭਾਈ ਭੁਪਿੰਦਰ ਸਿੰਘ ਕੈਨੇਡਾ ਨੇ ਸੰਬੋਧਨ ਦੌਰਾਨ ਸੰਗਤਾਂ ਨੂੰ ਉੱਜੜ ਥੇਹ ਤੋਂ ਰਾਮਪੁਰ ਖੇੜਾ ਤੱਕ ਦੀ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਸ ਦਿਨ ਸੰਤ ਬਾਬਾ ਹਰਨਾਮ ਸਿੰਘ ਨੇ ਇਸ ਅਸਥਾਨ 'ਤੇ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਸੀ ਅਤੇ ਫਿਰ ਉਨ੍ਹਾਂ ਅੰਤਿਮ ਸਵਾਸ ਤੱਕ ਸੰਗਤਾਂ ਨੂੰ ਨਾਮ-ਬਾਣੀ ਨਾਲ ਜੁੜ ਕੇ ਖੰਡੇ ਬਾਟੇ ਦਾ ਅੰਮਿ੍ਤਪਾਨ ਕਰਨ ਲਈ ਪੇ੍ਰਰਨਾ ਦਿੱਤੀ | ਇਸ ਮੌਕੇ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਬਾਬਾ ਜੀ ਵਲੋਂ ਆਰੰਭਿਆ ਸਾਲਾਨਾ ਅੱਠ ਦਿਨਾ ਨਾਮ ਅਭਿਆਸ ਕਮਾਈ ਸਮਾਗਮ ਇਸ ਵਾਰ 5 ਤੋਂ 12 ਅਕਤੂਬਰ ਤੱਕ ਕਰਵਾਇਆ ਜਾਵੇਗਾ | ਇਸ ਮੌਕੇ ਸੰਤ ਬਾਬਾ ਹਰਨਾਮ ਸਿੰਘ ਮੈਮੋਰੀਅਲ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਵੀ ਲਗਾਇਆ, ਜਿਸ 'ਚ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ, ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਹੋਣੇ ਸਨ ਉਨ੍ਹਾਂ ਨੂੰ ਅਗਲੇ ਦਿਨਾਂ ਲਈ ਤਰੀਕਾਂ ਦਿੱਤੀਆਂ ਗਈਆਂ | ਇਸ ਮੌਕੇ ਅਕਾਲੀ ਆਗੂ ਅਰਵਿੰਦਰ ਸਿੰਘ ਰਸੂਲਪੁਰ, ਮੈਨੇ. ਸ਼ਿਵਦੇਵ ਸਿੰਘ ਸੰਧਰ, ਭਾਈ ਸੁਖਵੀਰ ਸਿੰਘ ਚੋਹਕਾ, ਭਾਈ ਸੁਖਵਿੰਦਰ ਸਿੰਘ ਮਹੰਤ, ਮਾ. ਸਤਪਾਲ ਸਿੰਘ ਹੁਸ਼ਿਆਰਪੁਰ, ਭਾਈ ਕਸ਼ਮੀਰ ਸਿੰਘ, ਭਾਈ ਹਰਭਜਨ ਸਿੰਘ ਥੇਂਦਾ, ਭਾਈ ਕੁਲਦੀਪ ਸਿੰਘ ਮਿਰਜ਼ਾਪੁਰ, ਭਾਈ ਜਵਾਲਾ ਸਿੰਘ, ਕਮਲਜੀਤ ਸਿੰਘ ਹਰਦੋਪੱਟੀ, ਨੰਬਰਦਾਰ ਪਰਮਜੀਤ ਸਿੰਘ ਬੈਂਸ, ਭਾਈ ਸੰਤੋਖ ਸਿੰਘ ਜਲੰਧਰ ਆਦਿ ਸਮੇਤ ਸਮੂਹ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ |