ਹੁਸ਼ਿਆਰਪੁਰ, 21 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੋਟਰੀ ਕਲੱਬ ਮਿਡਟਾਊਨ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਰੋਟੇਰੀਅਨ ਅਵਤਾਰ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਆਉਣ ਵਾਲੇ ਵਿਸ਼ਵ ਹਾਰਟ ਦਿਵਸ ਦੇ ਸੰਬੰਧ 'ਚ 28 ਸਤੰਬਰ ਨੂੰ ਇਕ ਵੱਡਾ ਸਿਹਤ ਜਾਂਚ ਕੈਂਪ ਕੈਪਿਟਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ | ਕੈਂਪ 'ਚ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਲੋਕਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ | ਇਸ ਤੋਂ ਇਲਾਵਾ ਸਾਰੇ ਮਰੀਜ਼ਾਂ ਦੇ ਈ. ਸੀ. ਜੀ. ਤੇ ਖ਼ੂਨ ਦੀ ਜਾਂਚ ਵੀ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ | ਕਲੱਬ ਦੇ ਪ੍ਰਧਾਨ ਰੋਟੇਰੀਅਨ ਅਵਤਾਰ ਸਿੰਘ ਨੇ ਦੱਸਿਆ ਕਿ ਕਲੱਬ ਵਲੋਂ 7 ਨਵੰਬਰ ਨੂੰ ਪਿੰਡ ਚੱਬੇਵਾਲ 'ਚ ਮੈਗਾ ਮੁਫ਼ਤ ਨੇਤਰ ਜਾਂਚ ਕੈਂਪ ਰੋਟਰੀ ਕਲੱਬ ਵਾਰਵਿਕ ਇੰਗਲੈਂਡ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ | ਕੈਂਪ 'ਚ ਸਾਰੇ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਤੇ ਲੈਂਸ ਉਪਲਬਧ ਕਰਵਾਏ ਜਾਣਗੇ | ਕੈਪੀਟਲ ਹਸਪਤਾਲ ਜਲੰਧਰ ਦੇ ਮਾਰਕੀਟਿੰਗ ਹੈੱਡ ਏ. ਐਸ. ਕਪੂਰ ਨੇ ਕਿਹਾ ਕਿ ਹਸਪਤਾਲ ਹਮੇਸ਼ਾ ਸਮਾਜ ਸੇਵਾ ਲਈ ਤਤਪਰ ਰਹਿੰਦਾ ਹੈ | ਇਸ ਮੌਕੇ ਸਕੱਤਰ ਇੰਦਰਪਾਲ ਸਿੰਘ ਸਚਦੇਵਾ ਨੇ ਕਿਹਾ ਕਿ ਕਲੱਬ ਵਲੋਂ ਸਮੇਂ-ਸਮੇਂ ਤੇ ਅਜਿਹੇ ਸਮਾਜਿਕ ਕਾਰਜ ਕੀਤੇ ਜਾਂਦੇ ਹਨ, ਜਿਸ ਨਾਲ ਸਮਾਜ ਦੇ ਲੋੜਵੰਦ ਵਰਗ ਨੂੰ ਸਿੱਧਾ ਲਾਭ ਮਿਲਦਾ ਹੈ | ਮੀਟਿੰਗ 'ਚ ਡੀ. ਪੀ. ਕਾਠੂਰੀਆ, ਰਜਨੀਸ਼ ਗੁਲਿਆਨੀ, ਐਚ. ਐਸ. ਓਬਰਾਏ, ਜਗਮੀਤ ਸਿੰਘ ਸੇਠੀ, ਬਿੰਦਰ ਸਿੰਘ, ਏ. ਐਸ. ਅਨੇਜਾ, ਸੰਜੀਵ ਓਹਰੀ, ਮਨੋਜ ਓਹਰੀ, ਵਿਕਰਮ ਸ਼ਰਮਾ, ਕੁਲਜੀਤ ਸਿੰਘ ਸੈਣੀ, ਰਾਜੇਸ਼ ਗੁਪਤਾ, ਪਰਵੀਨ ਪਾਲਿਆਲ ਸਮੇਤ ਹੋਰ ਮੈਂਬਰ ਹਾਜ਼ਰ ਸਨ |