ਹੁਸ਼ਿਆਰਪੁਰ, 31 ਅਕਤੂਬਰ (ਬਲਜਿੰਦਰਪਾਲ ਸਿੰਘ)-ਭਿ੍ਸ਼ਟਾਚਾਰ ਵਿਰੁੱਧ ਚੌਕਸੀ: ਸਾਡੀ ਸਾਂਝੀ ਜ਼ਿੰਮੇਵਾਰੀ ਵਿਸ਼ੇ ਤਹਿਤ ਵਿਜੀਲੈਂਸ ਯੂਨਿਟ ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਵੱਲਭ ਭਾਈ ਪਟੇਲ ਦੀ 150ਵੀਂ ਵਰ੍ਹੇਗੰਢ 'ਤੇ 2 ਨਵੰਬਰ ਤੱਕ ਮਨਾਏ ਜਾ ਰਹੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਤਹਿਤ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਦੀ ਅਗਵਾਈ 'ਚ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ 'ਚ ਸੈਮੀਨਾਰ ਲਗਾਇਆ | ਇਸ ਮੌਕੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਿ੍ਸ਼ਟਾਚਾਰ-ਮੁਕਤ ਆਪਣੀ ਨਿੱਜੀ ਅਤੇ ਪੇਸ਼ੇਵਰ ਇਮਾਨਦਾਰੀ ਅਤੇ ਭਰੋਸੇਯੋਗਤਾ ਬਣਾਈ ਰੱਖਣ ਦਾ ਸੰਕਲਪ ਲਿਆ | ਇਸ ਮੌਕੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੀ ਮਹੱਤਤਾ 'ਤੇ ਰੌਸ਼ਨੀ ਪਾਉਂਦੇ ਹੋਏ ਡਾ. ਬਲਵੀਰ ਕੁਮਾਰ ਸਿਵਲ ਸਰਜਨ ਹੁਸ਼ਿਆਰਪੁਰ ਵਲੋਂ ਭਿ੍ਸ਼ਟਾਚਾਰ ਖ਼ਿਲਾਫ਼ ਸਾਂਝੀਆਂ ਕੋਸ਼ਿਸ਼ਾਂ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਉਕਤ ਵਿਸ਼ਾ ਦਰਸਾਉਂਦਾ ਹੈ ਕਿ ਰਿਸ਼ਵਤਖ਼ੋਰੀ ਦੇ ਖ਼ਾਤਮੇ ਲਈ ਸਾਰਿਆਂ ਨੂੰ ਇਕਮੁੱਠ ਹੋ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਇਸ ਅਲਾਮਤ ਨੂੰ ਖ਼ਤਮ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਮੇਸ਼ਾ ਚੌਕਸ ਰਹਿਣਾ ਚਾਹੀਦਾ ਹੈ ਤਾਂ ਜੋ ਇਮਾਨਦਾਰੀ ਦੇ ਪਾਸਾਰ ਨਾਲ ਹਰ ਖੇਤਰ 'ਚ ਕੰਮ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਜੈ ਬਸਰਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਕਪਿਲ ਡੋਗਰਾ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ, ਸੁਪਰਡੈਂਟ ਰਾਕੇਸ਼ ਕੁਮਾਰ ਤੇ ਮਨੋਹਰ ਸਿੰਘ, ਬਲਾਕ ਐਕਸਟੈਨਸ਼ਨ ਐਜੂਕੇਟਰ ਰੋਹਿਤ ਸ਼ਰਮਾ, ਪੀ. ਏ. ਟੂ ਸਿਵਲ ਸਰਜਨ ਸਤਪਾਲ, ਕਲਰਕ ਧਰਮਿੰਦਰ ਤੇ ਹੋਰ ਦਫ਼ਤਰੀ ਸਟਾਫ਼ ਮੌਜੂਦ ਸੀ |