ਬੁੱਲ੍ਹੋਵਾਲ, 31 ਅਕਤੂਬਰ (ਲੁਗਾਣਾ)-ਅਰਮੀਨੀਆ ਵਿਚ ਹੋਈ 14ਵੀਂ ਯੇਰੇਵਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2025 'ਚ ਭਾਗ ਲੈਂਦਿਆਂ ਟਾਂਡਾ ਰੋਡ ਸਥਿਤ ਓਕਡੇਲ ਸੀਨੀਅਰ ਸੈਕੰਡਰੀ ਸਕੂਲ ਬੁੱਲ੍ਹੋਵਾਲ ਦੀ 10ਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਕਮਲਜੋਤ ਕੌਰ ਨੇ ਸਕੂਲ ਦੇ ਕਰਾਟੇ ਕੋਚ ਤੇਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਭਾਰਤ ਦੀ ਪ੍ਰਤੀਨਿਧਤਾ ਕੀਤੀ ਤੇ ਸੋਨ ਤਗਮਾ ਜਿੱਤ ਕੇ ਸਕੂਲ ਦੇ ਨਾਮ ਨੂੰ ਚਾਰ ਚੰਨ ਲਗਾਏ | ਇਸ ਸੰਬੰਧੀ ਪਿੰ੍ਰ. ਯਾਸਮੀਨ ਸੈਣੀ ਤੇ ਸਕੂਲ ਮੈਨੇਜਰ ਇੰਜ.ਰਾਹੁਲ ਸੈਣੀ ਨੇ ਦੱਸਿਆ ਕਿ ਮੁਕਾਬਲੇ 'ਚ ਜਾਰਜੀਆ, ਈਰਾਨ, ਇਰਾਕ, ਉਜ਼ਬੇਕਿਸਤਾਨ, ਅਰਮੀਨੀਆ ਤੇ ਜਾਪਾਨ ਦੇ ਪ੍ਰਤੀਯੋਗੀਆਂ ਨੇ ਮੁਕਾਬਲੇ 'ਚ ਹਿੱਸਾ ਲਿਆ, ਜਿਸ 'ਚੋਂ ਓਕਡੇਲ ਸਕੂਲ ਦੀ ਵਿਦਿਆਰਥਣ ਨੇ ਸੋਨ ਤਗਮਾ ਜਿੱਤ ਕੇ ਦੇਸ਼ ਵਿਦੇਸ਼ ਤੇ ਸੂਬੇ ਭਰ ਵਿਚ ਸਕੂਲ ਦਾ ਨਾਂਅ ਉੱਚਾ ਕੀਤਾ | ਇਸ ਦੌਰਾਨ ਸ੍ਰੀਮਤੀ ਸੈਣੀ ਨੇ ਇਹ ਵੀ ਦੱਸਿਆ ਕਿ ਸਕੂਲ ਕਈ ਸਾਲਾਂ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਤਗਮੇ ਜਿੱਤ ਰਿਹਾ ਹੈ | ਓਕਡੇਲ ਸਕੂਲ ਹਮੇਸ਼ਾ ਸਿੱਖਿਆ ਤੇ ਖੇਡਾਂ 'ਚ ਪਹਿਲੇ ਸਥਾਨ 'ਤੇ ਰਿਹਾ ਹੈ | ਸਕੂਲ ਨੇ ਖੇਡਾਂ ਤੇ ਸਿੱਖਿਆ ਦੋਵਾਂ 'ਚ ਇਕ ਮਜ਼ਬੂਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਹਿਚਾਣ ਬਣਾ ਰੱਖੀ ਹੈ | ਸੂਬੇ ਦਾ ਮਾਣ ਬਣੀ ਵਿਦਿਆਰਥਣ ਕਮਲਜੋਤ ਕੌਰ ਨੂੰ ਸੋਨ ਤਗਮਾ ਜਿੱਤਣ 'ਤੇ ਸਕੂਲ ਮੈਨੇਜਰ ਇੰਜ. ਰਾਹੁਲ ਸੈਣੀ ਤੇ ਪਿੰ੍ਰ. ਯਾਸਮੀਨ ਸੈਣੀ ਤੇ ਸਮੂਹ ਸਟਾਫ ਵਲੋਂ ਹਾਰਦਿਕ ਵਧਾਈ ਦਿੱਤੀ ਗਈ |