ਹੁਸ਼ਿਆਰਪੁਰ, 2 ਨਵੰਬਰ (ਨਰਿੰਦਰ ਸਿੰਘ ਬੱਡਲਾ)-ਹੜ੍ਹਾਂ ਨਾਲ ਕਿਸਾਨਾਂ ਦੀ ਵਾਹੀ ਯੋਗ ਜ਼ਮੀਨਾਂ ਦੀ ਵੱਡੀ ਪੱਧਰ 'ਤੇ ਬਰਬਾਦੀ ਹੋ ਗਈ ਸੀ ਜਿਸ ਵਿਚ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਸੀ | ਉਨ੍ਹਾਂ ਨੂੰ ਪਹਿਲਾਂ ਆਪਣੇ ਖੇਤ ਤਿਆਰ ਕਰਨ ਵਿਚ ਵੱਡੀਆਂ ਦਿੱਕਤਾਂ ਆਈਆਂ ਜਿਸ ਵਿਚ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀ ਵੱਡੇ ਪੱਧਰ ਤੇ ਮਦਦ ਕੀਤੀ ਤੇ ਹੁਣ ਕਣਕ ਦੀ ਬਿਜਾਈ ਲਈ ਮਾਛੀਵਾਹਲਾ ਅਤੇ ਅਜਨਾਲਾ ਦੇ ਨੰਗਲ ਪਿੰਡ ਦੇ ਕਿਸਾਨਾਂ ਨੂੰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਵੱਲੋਂ 4 ਲੱਖ ਰੁਪਏ ਦੀ ਖਾਦ ਦੀ ਮਦਦ ਕੀਤੀ ਗਈ ਤਾਂ ਜੋ ਉਹ ਆਪਣੀ ਕਣਕ ਦੀ ਫ਼ਸਲ ਦੀ ਬਿਜਾਈ ਕਰ ਸਕਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਦੇ ਸਰਪ੍ਰਸਤ ਗੁਰਦੀਪ ਸਿੰਘ ਖੁਣ ਖੁਣ ਅਤੇ ਪ੍ਰਧਾਨ ਪਰਮਿੰਦਰ ਸਿੰਘ ਲਾਚੋਵਾਲ ਨੇ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਕਰਨ ਤੋਂ ਬਾਅਦ ਕੀਤਾ | ਉਨ੍ਹਾਂ ਕਿਹਾ ਕਿ ਨਾ ਤਾਂ ਕੇਂਦਰ ਅਤੇ ਨਾ ਹੀ ਸੂਬਾ ਸਰਕਾਰ ਨੇ ਸਹੀ ਢੰਗ ਨਾਲ ਕਿਸਾਨਾਂ ਦੀ ਬਾਂਹ ਫੜੀ ਹੈ ਜਿਸਦਾ ਖ਼ਮਿਆਜ਼ਾ ਉਨ੍ਹਾਂ ਚੋਣਾਂ ਦੌਰਾਨ ਭੁਗਤਣਾ ਪਵੇਗਾ | ਇਸ ਮੌਕੇ ਹਰਪ੍ਰੀਤ ਸਿੰਘ ਲਾਲੀ ਪੰਡੋਰੀ ਖਜੂਰ, ਅਕਬਰ ਸਿੰਘ ਬੁਰੇ ਜੱਟਾਂ, ਜਸਪਾਲ ਸਿੰਘ ਰਾਜਾ, ਕੁਲਦੀਪ ਸਿੰਘ ਦੇਹਰੀਵਾਲ, ਸਰਪੰਚ ਸੁਖਵਿੰਦਰ ਸਿੰਘ ਸੋਨੰੂ, ਡਾਕਟਰ ਕੁਲਦੀਪ ਸਿੰਘ ਪੰਚ, ਮੰਗਲ ਸਿੰਘ ਪੰਚ, ਜਗਤਾਰ ਸਿੰਘ ਸੋਢੀ, ਲੰਬੜਦਾਰ ਮਨਜੀਤ ਸਿੰਘ, ਬਾਬਾ ਕਿਰਪਾਲ ਸਿੰਘ ਪੰਡੋਰੀ ਖਜੂਰ ਆਦਿ ਹਾਜ਼ਰ ਸਨ |