ਦਸੂਹਾ, 21 ਨਵੰਬਰ (ਕੌਸ਼ਲ)- ਗੁਰੂ ਨਾਨਕ ਮਿਸ਼ਨ ਹਸਪਤਾਲ ਦਸੂਹਾ ਵਿਚ ਇੱਕ ਇਤਿਹਾਸਿਕ ਪਲ ਦਰਜ ਹੋਇਆ, ਜਦੋਂ ਹਸਪਤਾਲ ਦੀ ਤੀਸਰੀ ਮੰਜ਼ਿਲ ਦਾ ਲੈਂਟਰ ਪਾਇਆ ਗਿਆ | ਹਸਪਤਾਲ ਪ੍ਰਬੰਧਕੀ ਜਥੇਬੰਦੀ ਅਨੁਸਾਰ, ਇਹ ਕੰਮ ਸਿਰਫ਼ ਇਮਾਰਤੀ ਤੌਰ 'ਤੇ ਨਹੀਂ ਸਗੋਂ ਸੇਵਾ ਅਤੇ ਮਨੁੱਖਤਾ ਦੇ ਨਵੇਂ ਅਧਿਆਇ ਵਜੋਂ ਦਰਜ ਹੋਇਆ ਹੈ | ਲੈਂਟਰ ਪਾਉਣ ਤੋਂ ਪਹਿਲਾਂ ਹਸਪਤਾਲ ਦੇ ਸਾਰੇ ਟਰੱਸਟੀ ਮੈਂਬਰਾਂ ਅਤੇ ਸਟਾਫ਼ ਨੇ ਇਕੱਠੇ ਹੋ ਕੇ ਗੁਰੂ ਮਹਾਰਾਜ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਮੌਕੇ 'ਤੇ ਚੇਅਰਮੈਨ ਗੁਰਦੀਪ ਸਿੰਘ ਵਾਹਦ, ਵਾਈਸ ਚੇਅਰਮੈਨ ਦਲਬੀਰ ਸਿੰਘ ਨਈਅਰ, ਫਾਈਨੈਂਸ ਸੈਕਟਰੀ ਸੁਖਬੀਰ ਸਿੰਘ ਨਈਅਰ, ਟਰੱਸਟੀ ਜਗਦੀਸ਼ ਸਿੰਘ ਸੋਈ, ਦਿਲਬਾਗ ਸਿੰਘ, ਵਰਿੰਦਰ ਸਿੰਘ ਕਾਹਲੋਂ, ਲੱਖੀ ਸਿੰਘ, ਗੁਰਚਰਨ ਸਿੰਘ ਡਾਇਮੰਡ, ਭੁਪਿੰਦਰ ਸਿੰਘ ਸੇਠੀ, ਸਰੂਪ ਸਿੰਘ ਵਾਲੀਆ, ਕੁਲਵੰਤ ਸਿੰਘ ਨਾਗਰਾ, ਬੀਬੀ ਬਲਬੀਰ ਕੌਰ ਫ਼ੁਲ ਅਤੇ ਗੁਨੀਤਪਾਲ ਸਿੰਘ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ | ਹਸਪਤਾਲ ਦੀ ਪ੍ਰਬੰਧਕੀ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਦਸੂਹਾ ਇਲਾਕੇ ਲਈ ਇੱਕ ਵਰਦਾਨ ਹੈ, ਜਿੱਥੇ ਮਰੀਜ਼ਾਂ ਨੂੰ ਬਹੁਤ ਹੀ ਘੱਟ ਖ਼ਰਚੇ 'ਤੇ ਉੱਚ ਪੱਧਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ | ਇਸ ਹਸਪਤਾਲ ਦਾ ਉਦੇਸ਼ ਆਮ ਲੋਕਾਂ ਨੂੰ ਸਸਤੀ ਅਤੇ ਆਧੁਨਿਕ ਤਬੀ ਸਹੂਲਤਾਂ ਉਪਲਬਧ ਕਰਵਾਉਣਾ ਹੈ | ਹਸਪਤਾਲ ਵਿਚ ਹਾਲ ਹੀ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਸੁਖਮਨੀ ਸਾਹਿਬ ਦੇ ਪਾਠ ਦਾ ਸਮੂਹਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਸਾਰੇ ਟਰੱਸਟੀ ਅਤੇ ਸਟਾਫ਼ ਨੇ ਭਾਗ ਲਿਆਂਦਾ ਅਤੇ ਦੁਨੀਆ ਭਰ ਵਿਚ ਅਮਨ, ਚੰਗੀ ਸਿਹਤ ਤੇ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ ਗਈ | ਹਸਪਤਾਲ ਪ੍ਰਬੰਧਕਾਂ ਨੇ ਕਿਹਾ ਕਿ ਤੀਸਰੀ ਮੰਜ਼ਿਲ ਦੇ ਤਿਆਰ ਹੋਣ ਨਾਲ ਹੋਰ ਵਿਭਾਗਾਂ ਅਤੇ ਮਰੀਜ਼ਾਂ ਲਈ ਬਿਸਤਰਿਆਂ ਦੀ ਗਿਣਤੀ ਵਧੇਗੀ, ਜਿਸ ਨਾਲ ਇਲਾਕੇ ਦੇ ਹੋਰ ਲੋਕ ਵੀ ਸਿਹਤ ਸੇਵਾਵਾਂ ਦਾ ਲਾਭ ਲੈ ਸਕਣਗੇ | ਹਾਜ਼ਰ ਟਰੱਸਟੀ ਮੈਂਬਰਾਂ ਨੇ ਵਿਸ਼ਵਾਸ ਜਤਾਇਆ ਕਿ ਗੁਰੂ ਨਾਨਕ ਦੇ ਨਾਮ 'ਤੇ ਚੱਲ ਰਹੀ ਇਹ ਸੇਵਾ ਅੱਗੇ ਵੀ ਇਸੇ ਭਾਵਨਾ ਨਾਲ ਜਾਰੀ ਰਹੇਗੀ ਅਤੇ ਜਲਦੀ ਹੀ ਹਸਪਤਾਲ ਹੋਰ ਸੇਵਾਵਾਂ ਦੀ ਸ਼ੁਰੂਆਤ ਕਰੇਗਾ |