ਗੜ੍ਹਦੀਵਾਲਾ, 22 ਨਵੰਬਰ (ਚੱਗਰ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵਾਂ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ੍ਰੀਨਗਰ ਤੋਂ ਆਰੰਭ ਕੀਤਾ ਨਗਰ ਕੀਰਤਨ ਦੇਰ ਰਾਤ 12 ਵਜੇ ਦੇ ਕਰੀਬ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਪਹੁੰਚਿਆ ਜਿੱਥੇ ਸਜਾਏ ਗਏ ਵਿਸ਼ੇਸ਼ ਦੀਵਾਨ ਦੀ ਸਮਾਪਤੀ ਉਪਰੰਤ ਭਾਈ ਭੁਪਿੰਦਰ ਸਿੰਘ ਨੇ ਅਰਦਾਸ ਕੀਤੀ | ਅੱਜ ਸਵੇਰੇ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਰਦਾਸ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ 'ਚ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਾਮਪੁਰ ਖੇੜਾ ਤੋਂ ਚੱਲ ਕੇ ਭੂੰਗਾ, ਹਰਿਆਣਾ, ਹੁਸ਼ਿਆਰਪੁਰ, ਚੱਬੇਵਾਲ, ਮਾਹਿਲਪੁਰ ਅਤੇ ਗੜ੍ਹਸ਼ੰਕਰ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ | ਇੱਥੇ ਨਗਰ ਕੀਰਤਨ ਦਾ ਸਵਾਗਤ ਫੁੱਲਾਂ ਦੀ ਵਰਖਾ ਦੇ ਨਾਲ-ਨਾਲ 'ਗਾਰਡ ਆਫ਼ ਆਨਰ ਦੇ ਕੇ ਕੀਤਾ ਗਿਆ | ਇਸ ਮੌਕੇ ਨਗਰ ਕੀਰਤਨ ਦੀ ਸਮੁੱਚੀ ਦੇਖ-ਰੇਖ ਕਰ ਰਹੇ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਦਿੱਲੀ ਵਿਚ ਆਪਣਾ ਬਲੀਦਾਨ ਦਿੱਤਾ, ਜੋ ਕਿ ਦੁਨੀਆ ਦੇ ਇਤਿਹਾਸ ਵਿਚ ਬੇਮਿਸਾਲ ਹੈ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦਾ ਜੀਵਨ ਅਤੇ ਦਰਸ਼ਨ ਸਾਰੀ ਮਨੁੱਖਤਾ ਲਈ ਮਾਰਗਦਰਸ਼ਕ ਹੈ | ਇਸ ਮੌਕੇ ਪੰਜ ਪਿਆਰਿਆਂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਕਰਮਵੀਰ ਸਿੰਘ ਘੁੰਮਣ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ |