ਗੜ੍ਹਸ਼ੰਕਰ, 7 ਦਸੰਬਰ (ਧਾਲੀਵਾਲ)-14 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਇਸ ਵਾਰ ਸ਼©ੋਮਣੀ ਅਕਾਲੀ ਦਲ (ਬ) ਦੀ ਸਥਿਤੀ ਬੇਹੱਦ ਨਿਰਾਸ਼ਾਜਨਕ ਨਜ਼ਰ ਆ ਰਹੀ ਹੈ | ਕਰੀਬ ਇਕ ਸਾਲ ਤੋਂ ਵੱਧ ਅਰਸੇ ਤੋਂ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ 'ਚ ਸ਼੍ਰੋਮਣੀ ਅਕਾਲੀ ਦਲ (ਬ) ਬਿਨ੍ਹਾਂ ਹਲਕਾ ਇੰਚਾਰਜ ਤੋਂ ਚੱਲ ਰਿਹਾ ਹੈ | ਕਿਸੇ ਇਕ ਆਗੂ ਦੀ ਅਗਵਾਈ ਨਾ ਮਿਲਣ ਕਾਰਨ ਪਾਰਟੀ ਨਾਲ ਜੁੜੇ ਆਗੂ ਤੇ ਵਰਕਰਾਂ 'ਚ ਭਟਕਣ ਅਤੇ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ | ਭਾਵੇਂ ਕਿ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਹਲਕੇ ਤੋਂ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਇਕਬਾਲ ਸਿੰਘ ਖੇੜਾ ਦੀ ਅਗਵਾਈ ਹੇਠ ਹਲਕੇ 'ਚ ਪਾਰਟੀ ਦੀ ਮਜ਼ਬੂਤੀ ਲਈ ਕਈ ਮੀਟਿੰਗਾਂ ਕਰ ਚੁੱਕੇ ਹਨ ਪਰ ਹਲਕਾ ਇੰਚਾਰਜ ਦੀ ਨਿਯੁਕਤੀ ਨਾ ਹੋਣ ਕਾਰਨ ਪਾਰਟੀ ਆਗੂਆਂ ਦਾ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜਨ ਦਾ ਉਤਸ਼ਾਹ ਮੱਠਾ ਰਹਿ ਗਿਆ ਹੈ | ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ 'ਚ ਪੈਂਦੀ ਪੰਚਾਇਤ ਸੰਮਤੀ ਗੜ੍ਹਸ਼ੰਕਰ ਦੇ 25 ਜ਼ੋਨਾਂ ਤੋਂ ਸਿਰਫ 4 ਜ਼ੋਨਾਂ ਸਿੰਬਲੀ, ਸਮੁੰਦੜਾ, ਮੋਰਾਂਵਾਲੀ ਅਤੇ ਬਿੰਜੋਂ ਤੋਂ ਹੀ ਉਮੀਦਵਾਰ ਉਤਾਰੇ ਗਏ ਹਨ | ਹਲਕਾ ਗੜ੍ਹਸ਼ੰਕਰ 'ਚ ਪੈਂਦੇ ਪੰਚਾਇਤ ਸੰਮਤੀ ਮਾਹਿਲਪੁਰ ਦੇ 4 ਜ਼ੋਨਾਂ 'ਤੇ ਅਕਾਲੀ ਦਲ ਮੈਦਾਨ ਚੋਂ ਬਾਹਰ ਹੈ | ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਨਾਲ ਸਬੰਧਤ 4 ਜ਼ੋਨਾਂ 'ਤੇ ਵੀ ਅਕਾਲੀ ਦਲ ਇਕ ਵੀ ਉਮੀਦਵਾਰ ਮੈਦਾਨ 'ਚ ਨਹੀਂ ਉਤਾਰ ਸਕਿਆ | ਹਲਕੇ ਨਾਲ ਸਬੰਧਤ ਪੰਚਾਇਤ ਸੰਮਤੀ ਦੇ 29 ਜ਼ੋਨਾਂ 'ਤੇ ਆਪ-29, ਕਾਂਗਰਸ-25, ਭਾਜਪਾ-16, ਬਸਪਾ-8, ਸੀ.ਪੀ.ਆਈ.ਐੱਮ.-1 ਅਤੇ 4 ਆਜ਼ਾਦ ਉਮੀਦਵਾਰ ਮੈਦਾਨ 'ਚ ਹਨ | ਇਸ ਦੇ ਮੁਕਾਬਲੇ ਅਕਾਲੀ ਦਲ ਸਿਰਫ 4 ਜ਼ੋਨਾਂ ਤੋਂ ਉਮੀਦਵਾਰ ਉਤਾਰਨ ਕਰਕੇ ਮੁੱਖ ਪਾਰਟੀਆਂ ਤੋਂ ਕਾਫੀ ਪਛੜ ਗਿਆ ਹੈ | ਗੜ੍ਹਸ਼ੰਕਰ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵਲੋਂ ਪਿਛਲੇ ਕਰੀਬ 15 ਮਹੀਨਿਆਂ ਤੋਂ ਪਾਰਟੀ ਤੋਂ ਕਿਨਾਰਾ ਕੀਤਾ ਹੋਇਆ ਹੈ ਤੇ ਉਨ੍ਹਾਂ ਵਲੋਂ ਨਵੇਂ ਅਕਾਲੀ ਦਲ ਲਈ ਭਰਤੀ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿਚ ਸਰਗਰਮੀ ਰੱਖੀ ਹੋਈ ਹੈ | ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਨਵਾਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਇਕ ਉਮੀਦਵਾਰ ਵੀ ਚੋਣ ਮੈਦਾਨ ਵਿਚ ਉਤਾਰ ਨਹੀਂ ਸਕਿਆ | ਨਵੇਂ ਬਣੇ ਸਿਆਸੀ ਹਲਾਤਾਂ ਤੋਂ ਬਾਅਦ ਹਲਕੇ ਤੋਂ ਜਥੇਦਾਰ ਇਕਬਾਲ ਸਿੰਘ ਖੇੜਾ ਅਤੇ ਜਥੇਦਾਰ ਜੋਗਾ ਸਿੰਘ ਇਬਰਾਹੀਮਪੁਰ ਪਾਰਟੀ ਲਈ ਸਰਗਰਮ ਨਜ਼ਰ ਆ ਰਹੇ ਹਨ | ਲੰਘੇ ਨਵੰਬਰ ਮਹੀਨੇ ਵਿਚ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵਿਚ ਅੰਤਿ੍ਗ ਕਮੇਟੀ ਮੈਂਬਰ ਵਜੋਂ ਨਾਮਜ਼ਦ ਕੀਤੇ ਜਾਣ ਨਾਲ ਡਾ. ਜੰਗ ਬਹਾਦਰ ਸਿੰਘ ਰਾਏ ਦਾ ਨਾਂਅ ਸ਼੍ਰੋਮਣੀ ਅਕਾਲੀ ਦਲ ਮੁੜ ਤੋਂ ਜੁੜ ਗਿਆ ਹੈ | ਭਾਵੇਂ ਡਾ. ਜੰਗ ਬਹਾਦਰ ਸਿੰਘ ਰਾਏ ਨੇ 2011 ਵਿਚ ਸ਼੍ਰੋਮਣੀ ਕਮੇਟੀ ਦੀ ਟਿਕਟ ਨਾ ਮਿਲਣ 'ਤੇ ਆਜ਼ਾਦ ਚੋਣ ਲੜਦਿਆਂ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਇਕਬਾਲ ਸਿੰਘ ਖੇੜਾ ਨੂੰ ਇਕ ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ ਤੇ ਡਾ. ਜੰਗ ਬਹਾਦਰ ਸਿੰਘ ਰਾਏ ਕਿਸਾਨ ਮੋਰਚੇ ਵਲੋਂ 2022 ਦੀ ਵਿਧਾਨ ਸਭਾ ਚੋਣ ਵੀ ਲੜ੍ਹ ਚੁੱਕੇ ਹਨ | 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤਾਈਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲੱਗ ਥਲੱਗ ਚਲੇ ਆ ਰਹੇ ਡਾ. ਜੰਗ ਬਹਾਦਰ ਸਿੰਘ ਰਾਏ ਦੀ ਅੰਤਿ੍ਗ ਕਮੇਟੀ ਮੈਂਬਰ ਵਜੋਂ ਨਿਯੁਕਤੀ ਨੇ ਉਨ੍ਹਾਂ ਦੀ ਅਕਾਲੀ ਦਲ ਨਾਲ ਮੁੜ ਤੋਂ ਨੇੜਤਾ ਨੂੰ ਉਭਾਰਦੇ ਹੋਏ ਕਈ ਚਰਚਾਵਾਂ ਛੇੜ ਦਿੱਤੀਆਂ ਹਨ | ਹਲਕੇ 'ਚ ਡਾ. ਜੰਗ ਬਹਾਦਰ ਸਿੰਘ ਰਾਏ, ਜਥੇਦਾਰ ਇਕਬਾਲ ਸਿੰਘ ਖੇੜਾ ਅਤੇ ਜੋਗਾ ਸਿੰਘ ਇਬਰਾਹੀਮਪੁਰ ਵਿਚੋਂ ਕਿਸੇ ਇਕ ਨੂੰ ਪਾਰਟੀ ਦਾ ਹਲਕਾ ਇੰਚਾਰਜ ਲਗਾਏ ਜਾਣ ਦੀਆਂ ਚਰਚਾਵਾਂ ਸਿਖ਼ਰ 'ਤੇ ਹਨ | ਚਰਚਾ ਇਹ ਵੀ ਹੈ ਕਿ ਪਾਰਟੀ ਕਿਸੇ ਲੰਮੀ ਰੇਸ ਦੇ ਘੋੜੇ ਨੂੰ ਹਲਕਾ ਇੰਚਾਰਜ ਵਜੋਂ ਮੈਦਾਨ 'ਚ ਉਤਾਰਨਾ ਚਾਹੁੰਦੀ ਹੈ ਜਿਸਨੇ ਕਦੇ ਪਾਰਟੀ ਨੂੰ ਪਿੱਠ ਨਾ ਦਿਖਾਈ ਹੋਵੇ | ਉਸ ਵਾਸਤੇ ਪਾਰਟੀ ਹਲਕੇ ਦੇ ਜਾਂ ਕਿਸੇ ਬਾਹਰੀ ਆਗੂ ਨੂੰ ਚੁਣਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ | ਫਿਲਹਾਲ ਪਾਰਟੀ ਦਾ ਹਲਕੇ 'ਚ ਬਿਨ੍ਹਾਂ ਡਰਾਈਵਰ ਤੋਂ ਗੱਡੀ ਵਾਲਾ ਹਾਲ ਬਣਿਆ ਹੋਇਆ ਹੈ | ਜ਼ਿਲ੍ਹਾ ਪ੍ਰੀਸ਼ਦ ਦੇ 4 ਜ਼ੋਨਾਂ ਤੋਂ ਇਕ ਵੀ ਉਮੀਦਵਾਰ ਨਾ ਉਤਾਰਨ ਅਤੇ ਸੰਮਤੀ ਦੇ 29 ਜ਼ੋਨਾਂ ਤੋਂ ਕੇਵਲ 4 ਉਮੀਦਵਾਰ ਹੀ ਹੋਣ ਕਾਰਨ ਹਲਕੇ 'ਚ ਅਕਾਲੀ ਵਰਕਰਾਂ 'ਚ ਨਿਰਾਸ਼ਾ ਦਾ ਆਲਮ ਹੈ | ਪਾਰਟੀ ਦੇ ਉਮੀਦਵਾਰ ਨਾ ਹੋਣ ਕਾਰਨ ਅਕਾਲੀ ਵਰਕਰ ਤੇ ਸਮਰਥਕ ਕਿਸ ਧਿਰ ਦੀ ਮਦਦ ਕਰਦੇ ਹਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ | 2017 ਅਤੇ 2022 ਦੀਆਂ ਚੋਣਾਂ 'ਚ ਪਾਰਟੀ ਨੂੰ ਅੰਦਰੂਨੀ ਸੱਟ ਮਾਰਨ ਵਾਲੇ ਆਗੂਆਂ ਵਾਲਾ ਅਗਰ ਪਾਰਟੀ ਵਰਕਰਾਂ ਨੇ ਇਨ੍ਹਾਂ ਚੋਣਾਂ 'ਚ ਰਸਤਾ ਅਖਤਿਆਰ ਕਰ ਲਿਆ ਤਾਂ ਇਸਦਾ ਸਿੱਧਾ ਲਾਭ ਸੱਤਾਧਾਰੀ ਧਿਰ ਨੂੰ ਜਾਣ ਵਾਲਾ ਹੈ |