ਹੁਸ਼ਿਆਰਪੁਰ, 19 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ ਦੇ ਭਵਿੱਖ ਨੂੰ ਊਰਜਾ, ਸਿੱਖਿਆ ਤੇ ਆਤਮ ਨਿਰਭਰਤਾ ਦੇ ਮਜ਼ਬੂਤ ਥੰਮ੍ਹਾਂ 'ਤੇ ਖੜ੍ਹਾ ਕਰਨ ਦੀ ਦਿਸ਼ਾ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਚੜ੍ਹਦਾ ਸੂਰਜ ਮੁਹਿੰਮ ਦੇ ਤਹਿਤ ਇਕ ਪ੍ਰੇਰਿਕ ਅਤੇ ਦੂਰਦਰਸ਼ੀ ਪਹਿਲ ਕੀਤੀ ਹੈ | ਇਸ ਮੁਹਿੰਮ ਦੇ ਕੇਂਦਰ ਵਿਚ ਜਿੱਥੇ 600 ਟਾਪਰ ਵਿਦਿਆਰਥੀਆਂ ਦੇ ਘਰਾਂ 'ਤੇ 1-1 ਕਿੱਲੋਵਾਟ ਦਾ ਮੁਫ਼ਤ ਰੂਫ ਟਾਪ ਸੋਲਰ ਸਿਸਟਮ ਸ਼ਾਮਿਲ ਹੈ, ਉੱਥੇ ਇਸ ਦੇ ਨਾਲ-ਨਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਰੋਜ਼ਗਾਰ ਅਤੇ ਪੇਂਡੂ ਮਹਿਲਾਵਾਂ ਲਈ ਰੋਜ਼ਗਾਰ ਨਾਲ ਜੁੜੇ ਦੋ ਹੋਰ ਪ੍ਰੋਜੈਕਟ ਵੀ ਸਮਾਜ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕਰ ਰਹੇ ਹਨ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਪ੍ਰਧਾਨਗੀ ਵਿਚ ਜ਼ਿਲ੍ਹੇ ਵਿਚ ਕੰਮ ਕਰ ਰਹੀਆਂ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਨਾਲ ਹੋਈ ਮੀਟਿੰਗ ਵਿਚ ਇਹ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਵਿਕਾਸ ਤਾਂ ਹੀ ਟਿਕਾਊ ਹੋਵੇਗਾ, ਜਦੋਂ ਪ੍ਰਸ਼ਾਸਨ ਅਤੇ ਸਮਾਜ ਮਿਲ ਕੇ ਅੱਗੇ ਵਧੇ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪੂਰੀ ਮੁਹਿੰਮ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ, ਜਿਸ ਵਿਚ ਸਵੈ-ਸੇਵੀ ਸੰਸਥਾਵਾਂ ਨੂੰ ਬਦਲਾਅ ਦਾ ਸਭ ਤੋਂ ਮਜ਼ਬੂਤ ਮਾਧਿਅਮ ਮੰਨਿਆ ਗਿਆ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ , ਸਹਾਇਕ ਕਮਿਸ਼ਨਰ ਓਇਸ਼ੀ ਮੰਡਲ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਅਤੇ ਸੰਯੁਕਤ ਸਕੱਤਰ ਅਦਿੱਤਿਆ ਰਾਣਾ ਵੀ ਮੌਜੂਦ ਸਨ | ਉਨ੍ਹਾਂ ਦੱਸਿਆ ਕਿ ਚੜ੍ਹਦਾ ਸੂਰਜ ਮੁਹਿੰਮ ਦੀ ਸਭ ਤੋਂ ਪ੍ਰਭਾਵਸ਼ਾਲੀ ਲੜੀ 'ਗੋ ਸੋਲਰ ਮੁਹਿੰਮ' ਹੈ | ਉਨ੍ਹਾਂ ਐਲਾਨ ਕੀਤਾ ਕਿ ਸੀ.ਐਸ.ਆਰ ਸਹਿਯੋਗ ਨਾਲ ਸਾਲ 2024-25 ਦੇ ਦਸਵੀਂ ਜਮਾਤ ਦੇ 600 ਟਾਪਰ ਵਿਦਿਆਰਥੀਆਂ ਦੇ ਘਰਾਂ 'ਤੇ 1 ਕਿੱਲੋਵਾਟ ਤੱਕ ਦਾ ਰੂਫ ਟਾਪ ਸੋਲਰ ਸਿਸਟਮ ਪੂਰੀ ਤਰ੍ਹਾਂ ਮੁਫ਼ਤ ਲਗਾਇਆ ਜਾਵੇਗਾ | ਇਹ ਪਹਿਲ ਨਾ ਕੇਵਲ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਦਾ ਪ੍ਰਤੀਕ ਹੈ, ਬਲਕਿ ਉਨ੍ਹਾਂ ਦੇ ਪਰਿਵਾਰਾਂ ਦੇ ਰਾਹੀਂ ਪੂਰੇ ਸਮਾਜ ਨੂੰ ਸਵੱਛ ਅਤੇ ਸਸਤੀ ਸੂਰਜੀ ਊਰਜਾ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਮਜ਼ਬੂਤ ਸੰਦੇਸ਼ ਵੀ ਦਿੰਦੀ ਹੈ | ਉਨ੍ਹਾਂ ਕਿਹਾ ਕਿ ਜੋ ਐਨ.ਜੀ.ਓ 28 ਫਰਵਰੀ 2026 ਤੱਕ 25 ਸੋਲਰ ਪੈਨਲ ਸਥਾਪਿਤ ਕਰਵਾਏਗੀ, ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ 25 ਹਜ਼ਾਰ ਰੁਪਏ ਦਾ ਰਿਵਾਰਡ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਚੜ੍ਹਦਾ ਸੂਰਜ ਮੁਹਿੰਮ ਦੇ ਤਹਿਤ 'ਵਿੰਗਜ਼ ਪ੍ਰੋਜੈਕਟ' ਸਮਾਜ ਦੇ ਉਸ ਵਰਗ ਦੇ ਲਈ ਆਸ਼ਾ ਦੀ ਕਿਰਨ ਬਣ ਕੇ ਉੱਭਰਿਆ ਹੈ, ਜਿਸ ਨੂੰ ਅਕਸਰ ਮੁੱਖ ਧਾਰਾ ਤੋਂ ਦੂਰ ਸਮਝਿਆ ਜਾਂਦਾ ਹੈ | ਇਸ ਪ੍ਰੋਜੈਕਟ ਦੇ ਤਹਿਤ ਹੁਸ਼ਿਆਰਪੁਰ ਵਿਚ 7 ਥਾਵਾਂ 'ਤੇ ਕੰਟੀਨਾਂ ਸਥਾਪਿਤ ਕਰਕੇ 16 ਵਿਸ਼ੇਸ਼ ਬੱਚਿਆਂ ਨੂੰ ਸਨਮਾਨਜਨਕ ਰੋਜ਼ਗਾਰ ਉਪਲਬਧ ਕਰਵਾਇਆ ਗਿਆ ਹੈ | ਉਨ੍ਹਾਂ ਐਨ.ਜੀ.ਓਜ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਇਸ ਤਰ੍ਹਾਂ ਦੇ ਬੱਚਿਆਂ ਦੀ ਪਹਿਚਾਣ ਕਰਨ ਅਤੇ ਵਿੰਗਜ਼ ਪ੍ਰੋਜੈਕਟ ਦੇ ਵਿਸਥਾਰ ਵਿਚ ਭਾਗੀਦਾਰੀ ਬਣਨ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਤੀਸਰੀ ਮਹੱਤਵਪੂਰਨ ਪਹਿਲ 'ਸੂਈ-ਧਾਗਾ' ਪ੍ਰੋਜੈਕਟ ਹੈ, ਜਿਸ ਦਾ ਉਦੇਸ਼ ਪੇਂਡੂ ਲੋੜਵੰਦ ਮਹਿਲਾਵਾਂ ਨੂੰ ਹੁਨਰ ਵਿਕਾਸ ਰਾਹੀਂ ਪੱਕੇ ਤੌਰ 'ਤੇ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ | ਇਸ ਪ੍ਰੋਜੈਕਟ ਤਹਿਤ ਪਿੰਡਾਂ, ਤਹਿਸੀਲਾਂ ਅਤੇ ਬਲਾਕਾਂ ਵਿਚ ਸਿਲਾਈ ਕੇਂਦਰ ਖੋਲ੍ਹੇ ਜਾਣਗੇ | ਉਨ੍ਹਾਂ ਦੱਸਿਆ ਕਿ ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਰੈੱਡ ਕਰਾਸ ਸੁਸਾਇਟੀ ਉਪਲਬਧ ਕਰਵਾਏਗੀ, ਜਦਕਿ ਸੰਚਾਲਨ ਮਗਨਰੇਗਾ ਫਰੇਮ ਵਰਕ ਤਹਿਤ ਕੀਤਾ ਜਾਵੇਗਾ |