ਹੁਸ਼ਿਆਰਪੁਰ, 20 ਦਸੰਬਰ (ਹਰਪ੍ਰੀਤ ਕੌਰ)-ਸਰਕਾਰੀ ਐਲੀਮੈਂਟਰੀ ਸਕੂਲ ਜਲਾਲਪੁਰ ਦੇ 70 ਬੱਚਿਆਂ ਨੂੰ ਅਮਰੀਕਾ ਵਸਦੇ ਸਮਾਜ ਸੇਵੀ ਤਰਨਜੀਤ ਸੈਣੀ ਨੇ ਫੂਡ ਸਪਲਾਈ ਐਂਡ ਸੇਫਟੀ ਇੰਸਪੈਕਟਰ ਕੁਲਜੀਤ ਸੈਣੀ ਦੀ ਪ੍ਰੇਰਣਾ ਨਾਲੰ ਸ਼ਰਦ ਰੁੱਤ ਲਈ ਗਰਮ ਜੈਕਟਾਂ ਤੋਹਫ਼ੇ ਵਜੋਂ ਵੰਡੀਆਂ | ਵਿਦਿਆਰਥੀਆਂ ਤੇ ਅਧਿਆਪਕਾਂ ਅਤੇ ਅਭਿਭਾਵਕਾਂ ਨੇ ਇਸ ਕਦਮ ਨੂੰ ਸਿੱਖਿਆ ਖੇਤਰ ਲਈ ਸਰਾਹਣਯੋਗ ਦੱਸਿਆ | ਜ਼ਿਲ੍ਹਾ ਕੋਆਰਡੀਨੇਟਰ ਸਿੱਖਿਆ ਵਿਭਾਗ ਰਜਨੀਸ਼ ਗੁਲਿਆਨੀ ਨੇ ਕਿਹਾ ਕਿ ਸਮਾਜ ਦੇ ਸਮਰੱਥ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਇਸ ਤਰ੍ਹਾਂ ਦੀ ਮੱਦਦ ਨਾਲ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਹੌਂਸਲਾ ਵਧਦਾ ਹੈ ਅਤੇ ਸਿੱਖਿਆ ਪ੍ਰਣਾਲੀ ਮਜ਼ਬੂਤ ਹੁੰਦੀ ਹੈ | ਉਨ੍ਹਾਂ ਤਰਨਜੀਤ ਸੈਣੀ ਅਤੇ ਕੁਲਜੀਤ ਸੈਣੀ ਦੇ ਯਤਨਾਂ ਦੀ ਸ਼ਲਾਘਾ ਕੀਤੀ | ਤਰਨਜੀਤ ਸੈਣੀ ਨੇ ਕਿਹਾ ਕਿ ਭਾਵੇਂ ਉਹ ਵਿਦੇਸ਼ ਵਿੱਚ ਵੱਸਦੇ ਹਨ, ਪਰ ਆਪਣੇ ਪਿੰਡ ਅਤੇ ਇਲਾਕੇ ਦੇ ਬੱਚਿਆਂ ਨਾਲ ਉਨ੍ਹਾਂ ਦਾ ਗਹਿਰਾ ਨਾਤਾ ਹੈ | ਉਨ੍ਹਾਂ ਆਖਿਆ ਕਿ ਸਿੱਖਿਆ ਹੀ ਸਮਾਜ ਦੀ ਤਰੱਕੀ ਦੀ ਨੀਂਹ ਹੈ ਅਤੇ ਠੰਢ ਦੇ ਮੌਸਮ ਵਿੱਚ ਬੱਚਿਆਂ ਨੂੰ ਗਰਮ ਕੱਪੜੇ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਨੈਤਿਕ ਜਿੰਮੇਵਾਰੀ ਹੈ | ਉਨ੍ਹਾਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਜਿਕ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿੱਤਾ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਅਸ਼ਵਨੀ ਕੁਮਾਰ, ਪੰਚਾਇਤ ਮੈਂਬਰ ਮੰਗਤ ਰਾਮ, ਰਾਜਵਿੰਦਰ ਕੌਰ, ਮਧੂ ਬਾਲਾ, ਬਲਬੀਰ ਕੌਰ, ਮਨਪ੍ਰੀਤ ਕੌਰ ਅਤੇ ਪਰਮਜੀਤ ਆਦਿ ਹਾਜ਼ਰ ਸਨ |