ਹੁਸ਼ਿਆਰਪੁਰ 22 ਦਸੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਦੀ ਦੁਸਹਿਰਾ ਗਰਾਊਾਡ ਵਿਖੇ ਹੁਸ਼ਿਆਰਪੁਰ ਕਰਾਫ਼ਟ ਬਾਜ਼ਾਰ ਦਾ ਉਦਘਾਟਨ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ, ਵਪਾਰਕ ਭਾਈਚਾਰਾ ਅਤੇ ਪਤਵੰਤੇ ਮੌਜੂਦ ਸਨ | ਵਿਧਾਇਕ ਜਿੰਪਾ ਨੇ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਰਵਾਇਤੀ ਸ਼ਿਲਪਕਾਰੀ ਅਤੇ ਸਥਾਨਕ ਸਭਿਆਚਾਰ ਨੂੰ ਉਤਸ਼ਾਹਿਤ ਕਰਦੇ ਹਨ, ਸਗੋਂ ਸੈਰ-ਸਪਾਟਾ, ਰੁਜ਼ਗਾਰ ਅਤੇ ਸ਼ਹਿਰ ਦੀ ਆਰਥਿਕਤਾ ਨੂੰ ਵੀ ਹੁਲਾਰਾ ਦਿੰਦੇ ਹਨ | ਵਿਧਾਇਕ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਕਾਰੀਗਰਾਂ ਅਤੇ ਵਪਾਰੀਆਂ ਨੇ ਕਰਾਫ਼ਟ ਬਾਜ਼ਾਰ ਵਿਚ ਆਪਣੇ ਸਟਾਲ ਲਗਾਏ ਹਨ, ਜਿੱਥੇ ਵੱਖ-ਵੱਖ ਰਾਜਾਂ ਦੇ ਰਵਾਇਤੀ ਪਕਵਾਨ, ਦਸਤਕਾਰੀ, ਸਜਾਵਟੀ ਵਸਤੂਆਂ ਅਤੇ ਫ਼ੈਸ਼ਨ ਦੀਆਂ ਵਸਤੂਆਂ ਉਪਲਬਧ ਹਨ | ਵਿਧਾਇਕ ਜਿੰਪਾ ਨੇ ਕਿਹਾ ਕਿ ਅਜਿਹੇ ਰਚਨਾਤਮਿਕ ਅਤੇ ਮਨੋਰੰਜਕ ਸਮਾਗਮ ਹੁਸ਼ਿਆਰਪੁਰ ਨੂੰ ਇੱਕ ਸਭਿਆਚਾਰਕ ਪਛਾਣ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਮੇਲਾ ਪ੍ਰਬੰਧਕ ਰਾਜਿੰਦਰ ਜੈਨ ਅਤੇ ਸੁਨੀਲ ਗਾਂਧੀ ਨੇ ਦੱਸਿਆ ਕਿ ਹੁਸ਼ਿਆਰਪੁਰ ਕਰਾਫ਼ਟ ਬਾਜ਼ਾਰ ਰੋਜ਼ਾਨਾ ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤੱਕ ਲੋਕਾਂ ਲਈ ਖੁੱਲ੍ਹਾ ਰਹੇਗਾ | ਇਸ ਮੌਕੇ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ |