ਦਸੂਹਾ, 22 ਦਸੰਬਰ (ਭੁੱਲਰ)- ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਸਮਾਜ ਸੇਵਕ ਅਤੇ ਸੀਨੀਅਰ ਭਾਜਪਾ ਨੇਤਾ ਦੁਸ਼ਿਅੰਤ ਮਿਨਹਾਸ ਨੇ ਕਿਹਾ ਕਿ ਸ਼੍ਰੀ ਅਟਲ ਬਿਹਾਰੀ ਵਾਜਪਾਈ ਇੰਨੇ ਮਹਾਨ ਨੇਤਾ ਸਨ ਕਿ ਜਦੋਂ ਵੀ ਉਹ ਕਿਸੇ ਵੀ ਵਿਸ਼ੇ 'ਤੇ ਬੋਲਦੇ ਸਨ, ਤਾਂ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਵੇਂ ਧਿਆਨ ਨਾਲ ਸੁਣਦੇ ਸਨ | ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਬਾਵਜੂਦ, ਨਰਸਿਮਹਾ ਰਾਓ ਦੀ ਅਗਵਾਈ ਵਾਲੀ ਕੇਂਦਰ ਦੀ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਲਈ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿਚ ਭੇਜਿਆ | ਸਾਨੂੰ ਸਾਰਿਆਂ ਨੂੰ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਆਪਣੀ ਜ਼ਿੰਦਗੀ ਵਿਚ ਅੱਗੇ ਵਧਣ ਦੀ ਜ਼ਰੂਰਤ ਹੈ | ਅਸੀਂ ਕਿਸੇ ਵੀ ਖੇਤਰ ਵਿਚ ਕੰਮ ਕਰ ਰਹੇ ਹਾਂ, ਸਾਡੇ ਕੋਲ ਸਹੀ ਗੱਲ ਸੁਣਨ ਅਤੇ ਬੋਲਣ ਦੀ ਯੋਗਤਾ ਹੋਣੀ ਚਾਹੀਦੀ ਹੈ | ਉਸ ਸਮੇਂ ਦੌਰਾਨ ਅਟਲ ਬਿਹਾਰੀ ਵਾਜਪਾਈ ਨੇ ਜੋ ਵੀ ਕੰਮ ਕੀਤਾ, ਸੰਸਦ ਤੋਂ ਲੈ ਕੇ ਵਿਰੋਧੀ ਧਿਰ ਦੇ ਨੇਤਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ, ਦੇਸ਼ ਦਾ ਹਰ ਵਰਗ ਅੱਜ ਉਨ੍ਹਾਂ ਨੂੰ ਯਾਦ ਕਰਦਾ ਹੈ | ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਅਟਲ ਬਿਹਾਰੀ ਵਾਜਪਾਈ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਆਪਣੀਆਂ ਰਾਜਨੀਤਿਕ ਪਾਰਟੀਆਂ ਦੇ ਸੰਗਠਨ ਨੂੰ ਮਜ਼ਬੂਤ ਕਰਨ, ਪਰ ਨਾਲ ਹੀ ਹਰ ਵਰਕਰ ਨੂੰ ਇਹ ਸਿੱਖਿਅਤ ਕਰਨ ਕਿ ਸਾਡੇ ਦੇਸ਼ ਵਿਚ ਜੋ ਸਹੀ ਹੈ ਉਸ ਨੰੂ ਸਹੀ ਕਿਹਾ ਜਾਣਾ ਚਾਹੀਦਾ ਹੈ ਅਤੇ ਜੋ ਗ਼ਲਤ ਹੈ ਉਸ ਨੰੂ ਗ਼ਲਤ ਕਿਹਾ ਜਾਣਾ ਚਾਹੀਦਾ ਹੈ |