ਤਲਵਾੜਾ, 22 ਦਸੰਬਰ (ਐੱਚ. ਐਸ. ਮਿੱਠੂ)- ਬੀ.ਬੀ.ਐਮ.ਬੀ ਰੈਡ ਕ੍ਰਾਸ ਸੰਸਥਾ ਵੱਲੋਂ ਮੁੱਖ ਇੰਜੀਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਸਮਾਜ ਭਲਾਈ ਦੇ ਆਪਣੇ ਲਗਾਤਾਰ ਯਤਨਾਂ ਤਹਿਤ ਅੱਜ ਸ਼ਿਵ ਕਲੋਨੀ, ਸੈਕਟਰ 2 ਵਿਚ ਲੋੜਵੰਦ ਪਰਿਵਾਰਾਂ ਦੀਆਂ ਮਹਿਲਾਵਾਂ ਲਈ ਸੈਨੇਟਰੀ ਪੈਡ ਅਤੇ ਪਰਿਵਾਰਿਕ ਮੈਂਬਰਾਂ ਦੀ ਵਰਤੋਂ ਲਈ ਸਾਬਣਾਂ ਦੀ ਵੰਡ ਕੀਤੀ ਗਈ | ਇਸ ਉਦੇਸ਼ਪੂਰਨ ਕਾਰਜ ਦੀ ਅਗਵਾਈ ਰੈੱਡ ਕ੍ਰਾਸ ਦੀ ਚੇਅਰਪਰਸਨ ਸ਼੍ਰੀਮਤੀ ਸੀਮਾ ਗੁਪਤਾ ਨੇ ਖ਼ੁਦ ਕੀਤੀ ਇਸ ਮੌਕੇ ਬੀ.ਬੀ.ਐਮ.ਬੀ ਰੈੱਡ ਕ੍ਰਾਸ ਦੇ ਸਕੱਤਰ ਨਿਗਰਾਨ ਇੰਜੀਨੀਅਰ ਮਨਵੀਨ ਚੌਧਰੀ ਵੀ ਉਨਾਂ ਦੇ ਨਾਲ ਹਾਜ਼ਰ ਸਨ | ਉਨਾਂ ਨੇ ਮਹਿਲਾਵਾਂ ਨਾਲ ਸਿੱਧਾ ਸੰਵਾਦ ਕਰਦਿਆਂ ਸਵੱਛਤਾ ਅਤੇ ਸਿਹਤ ਸਬੰਧੀ ਮਸਲਿਆਂ ਬਾਰੇ ਗੱਲਬਾਤ ਵੀ ਕੀਤੀ | ਉਨਾਂ ਆਖਿਆ ਕਿ ਸਵੱਛਤਾ ਹੀ ਸਿਹਤਮੰਦ ਸਮਾਜ ਦਾ ਆਧਾਰ ਹੈ ਅਤੇ ਸਮਾਜ ਵਿਚ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਰੈੱਡ ਕ੍ਰਾਸ ਇਹ ਉਪਰਾਲੇ ਕਰ ਰਿਹਾ ਹੈ | ਉਨਾਂ ਨੇ ਕਿਹਾ ਕਿ ਮਹਿਲਾਵਾਂ ਦੀ ਸਿਹਤ ਅਤੇ ਸਵੱਛਤਾ ਸਮਾਜ ਦੀ ਮਜ਼ਬੂਤ ਨੀਂਹ ਹੈ ਅਤੇ ਇਸ ਦਿਸ਼ਾ ਵਿਚ ਸੈਨੇਟਰੀ ਪੈਡ ਅਤੇ ਸਾਬਣਾਂ ਦੀ ਵੰਡ ਜਿਹੇ ਕਾਰਜ ਬਹੁਤ ਜ਼ਰੂਰੀ ਹਨ | ਸ਼੍ਰੀਮਤੀ ਗੁਪਤਾ ਨੇ ਦੱਸਿਆ ਕਿ ਬੀ.ਬੀ.ਐਮ.ਬੀ ਰੈੱਡ ਕ੍ਰਾਸ ਭਵਿੱਖ ਵਿਚ ਵੀ ਸਿਹਤ, ਸਵੱਛਤਾ, ਸਿੱਖਿਆ ਅਤੇ ਸਮਾਜਿਕ ਸਹਾਇਤਾ ਨਾਲ ਜੁੜੇ ਹੋਰ ਕਈ ਕਾਰਜ ਲਾਗੂ ਕਰਦੀ ਰਹੇਗੀ, ਤਾਂ ਜੋ ਲੋੜਵੰਦ ਪਰਿਵਾਰਾਂ ਨੂੰ ਸਹਾਰਾ ਦਿੱਤਾ ਜਾ ਸਕੇ | ਇਸ ਦੌਰਾਨ ਡਾ. ਸੋਭਨਾ ਸੋਨੀ ਨੇ ਬਸਤੀ ਦੀਆਂ ਮਹਿਲਾਵਾਂ ਨੂੰ ਸਵੱਛਤਾ ਅਤੇ ਹਾਈਜੀਨ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ |