ਲੁਧਿਆਣਾ, 22 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਨਕਪੁਰੀ ਵਿਚ ਅੱਜ ਤੜਕੇ ਚੌਂਕੀਦਾਰ ਦੀ ਚੌਕਸੀ ਕਾਰਨ ਚੋਰ ਚੋਰੀ ਦੀਆਂ ਵਾਰਦਾਤਾਂ ਕਰਨ ਵਿਚ ਅਸਫਲ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਅੱਜ ਸਵੇਰੇ 5 ਵਜੇ ਦੇ ਕਰੀਬ ਉਸ ਵਕਤ ਵਾਪਰੀ, ਜਦੋਂ ਤਿੰਨ ਚੋਰ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਜਨਕਪੁਰੀ ਮਾਰਕੀਟ ਵਿਚ ਆਏ ਅਤੇ ਉਨ੍ਹਾਂ ਨੇ ਲਗਾਤਾਰ ਇਕ ਤੋਂ ਬਾਅਦ ਤਿੰਨ ਦੁਕਾਨਾਂ ਦੇ ਸ਼ਟਰ ਅਤੇ ਤਾਲੇ ਤੋੜਨੇ ਸ਼ੁਰੂ ਕਰ ਦਿੱਤੇ | ਡਿਊਟੀ 'ਤੇ ਤੈਨਾਤ ਚੌਂਕੀਦਾਰ ਨੇ ਜਦੋਂ ਰੋਲੇ ਦੀ ਆਵਾਜ਼ ਸੁਣੀ ਤਾਂ ਉਹ ਤੁਰੰਤ ਦੁਕਾਨਾਂ ਦੇ ਨੇੜੇ ਪਹੁੰਚਿਆ | ਚੌਂਕੀਦਾਰ ਨੇ ਉੱਥੇ ਜਾ ਕੇ ਰੌਲਾ ਪਾ ਦਿੱਤਾ, ਜਿਸ 'ਤੇ ਇਹ ਚੋਰ ਉਥੋਂ ਫ਼ਰਾਰ ਹੋ ਗਏ | ਚੋਰਾਂ ਵਲੋਂ ਸ਼ਟਰ ਤੋੜਨ ਦੀ ਘਟਨਾ ਉੱਥੇ ਲੱਗੇ ਸੀ.ਟੀ. ਟੀਵੀ ਕੈਮਰੇ ਵਿਚ ਕੈਦ ਹੋ ਗਈ | ਸੂਚਨਾ ਮਿਲਦਿਆਂ ਪੁਲਿਸ ਮੁਲਾਜ਼ਮ ਵੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫੁਟੇਜ਼ ਕਬਜ਼ੇ ਵਿਚ ਲੈ ਕੇ ਚੋਰਾਂ ਦਾ ਸੁਰਾਗ ਲਗਾਇਆ ਜਾ ਰਿਹਾ ਹੈ, ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਸਫਲਤਾ ਨਹੀਂ ਮਿਲੀ ਸੀ |