ਹੁਸ਼ਿਆਰਪੁਰ, 25 ਦਸੰਬਰ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਟਿੱਬਾ ਸਾਹਿਬ ਹੁਸ਼ਿਆਰਪੁਰ ਤੋਂ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪਹੁੰਚੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ, ਜੋ ਸਥਾਨਕ ਪ੍ਰਭਾਤ ਚੌਂਕ, ਬੱਸ ਸਟੈਂਡ, ਘੰਟਾ ਘਰ, ਸੈਸ਼ਨ ਚੌਂਕ, ਸਬਜ਼ੀ ਮੰਡੀ ਪੁਰਹੀਰਾਂ, ਗੁਰਦੁਆਰਾ ਜਾਹਰਾ ਜ਼ਹੂਰ, ਪਿੱਪਲਾਂਵਾਲਾ, ਨਿਊ ਦਸਮੇਸ਼ ਨਗਰ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਸੰਤ ਬਾਬਾ ਸੋਹਣ ਸਿੰਘ ਕਲੋਨੀ ਸਰਕਾਰੀ ਟਿਊਬਵੈੱਲ ਤੋਂ ਹੁੰਦਾ ਹੋਇਆ ਗੁਰਦੁਆਰਾ ਟਿੱਬਾ ਸਾਹਿਬ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਵੱਖ-ਵੱਖ ਰਾਗੀ, ਢਾਡੀ, ਪ੍ਰਚਾਰਕਾਂ ਨੇ ਸੰਗਤਾਂ ਨੂੰ ਮਨੋਹਰ ਕਥਾ-ਕੀਰਤਨ, ਗੁਰਇਤਿਹਾਸ ਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ | ਸ਼ਹਿਰ 'ਚ ਵੱਖ-ਵੱਖ ਪੜਾਵਾਂ 'ਤੇ ਸੰਗਤਾਂ ਵਲੋਂ ਸੁੰਦਰ ਗੇਟ ਬਣਾ ਕੇ ਅਤੇ ਫੁੱਲਾਂ ਦੇ ਵਰਖਾ ਕਰਕੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸੰਗਤਾਂ ਦੇ ਛਕਣ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ | ਨਗਰ ਕੀਰਤਨ ਦੌਰਾਨ ਗੱਤਕਾ ਪਾਰਟੀ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ | ਨਗਰ ਕੀਰਤਨ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਨੇ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਸ਼ਬਦ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਕੌਮ ਦੀ ਬਿਹਤਰੀ ਅਤੇ ਚੜ੍ਹਦੀਕਲਾ ਲਈ ਸਮੁੱਚੀ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ 'ਚ ਚੱਲਣਾ ਚਾਹੀਦਾ ਹੈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਕਰਮਜੀਤ ਸਿੰਘ ਅਤੇ ਸੰਤ ਬਲਵੀਰ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸਾਹਿਬ 'ਚ 27 ਦਸੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਗੁਰਮਤਿ ਸਮਾਗਮ ਅਤੇ ਕੀਰਤਨ ਦਰਬਾਰ ਦੀ ਆਰੰਭਤਾ ਹੋਵੇਗੀ, ਜਿਸ 'ਚ ਭਾਈ ਅਮਰਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਟਿੱਬਾ ਸਾਹਿਬ, ਭਾਈ ਹਰਜਾਚਕ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੁਸ਼ਿਆਰਪੁਰ ਅਤੇ ਬਾਬਾ ਬਲਵਿੰਦਰ ਸਿੰਘ ਰੰਧਾਵਾ ਬਰੋਟਾ ਵਾਲਿਆਂ ਦੇ ਜਥੇ ਵਲੋਂ ਸੰਗਤਾਂ ਨੂੰ ਰਸ-ਭਿੰਨੇ ਕੀਰਤਨ, ਗੁਰਇਤਿਹਾਸ ਰਾਹੀਂ ਨਿਹਾਲ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਅਜੀਤ ਸਿੰਘ ਮਿੱਠਾ ਟਿਵਾਣਾ, ਸੰਤ ਮਹਾਂਵੀਰ ਸਿੰਘ ਤਾਜੇਵਾਲ, ਬਾਬਾ ਤਰਲੋਚਨ ਸਿੰਘ ਡੇਰਾ ਵਿਰੱਕਤਾਂ, ਸੰਤ ਜੀਤ ਸਿੰਘ ਜੌਹਲਾਂ, ਸਾਬਕਾ ਚੇਅਰਮੈਨ ਅਵਤਾਰ ਸਿੰਘ ਜੌਹਲ, ਸਾਬਕਾ ਚੇਅਰਮੈਨ ਸਤਵਿੰਦਰਪਾਲ ਸਿੰਘ ਰਾਮਦਾਸਪੁਰ, ਸੰਤੋਖ ਸਿੰਘ ਔਜਲਾ, ਪ੍ਰੇਮ ਸਿੰਘ ਪਿੱਪਲਾਂਵਾਲਾ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |