ਗੜ੍ਹਸ਼ੰਕਰ, 30 ਦਸੰਬਰ (ਧਾਲੀਵਾਲ)-ਗੁਰੂ ਨਾਨਕ ਮਿਸ਼ਨ ਟਰੱਸਟ ਨਵਾਂਗਰਾਂ ਕੁੱਲਪੁਰ ਵਲੋਂ ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਜੀ ਢਾਹਾਂ ਦੇ 100 ਸਾਲਾ ਜਨਮ ਦਿਨ ਮੌਕੇ ਲਗਾਏ ਗਏ ਅੱਖਾਂ ਦੇ ਮੁਫ਼ਤ ਕੈਂਪ ਵਿਚ ਚੁਣੇ ਗਏ ਲੋੜਵੰਦ 50 ਤੋਂ ਵਧੇਰੇ ਮਰੀਜ਼ਾਂ ਵਿਚੋਂ 25 ਮਰੀਜ਼ਾਂ ਦੇ ਫੋਲਡੇਬਲ ਲੈਂਸ ਪਾ ਕੇ ਮੋਤੀਆ ਬਿੰਦ ਦੇ ਆਪ੍ਰੇਸ਼ਨ ਕੀਤੇ ਗਏ | ਇਸ ਮੌਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਆਏ ਮਰੀਜ਼ਾਂ ਨੇ ਹਸਪਤਾਲ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਇਹ ਮੁਫ਼ਤ ਸਹੂਲਤ ਗੁਰੂ ਨਾਨਕ ਮਿਸ਼ਨ ਹਸਪਤਾਲ ਵਲੋਂ ਦਿੱਤੀ ਗਈ ਹੈ | ਇਸ ਮੌਕੇ ਟਰਸੱਟ ਦੇ ਮੁੱਖ ਪ੍ਰਬੰਧਕ ਰਘਵੀਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਅੱਖਾਂ ਦੇ ਵਿਭਾਗ ਤੋਂ ਇਲਾਵਾ ਮੈਡੀਕਲ ਅਤੇ ਸਰਜੀਕਲ ਵਿਭਾਗ ਦੇ ਡਾਕਟਰ ਮਰੀਜ਼ਾਂ ਦਾ ਰੋਜ਼ਾਨਾ ਚੈਕਅੱਪ ਅਤੇ ਇਲਾਜ ਕਰਕੇ ਹਨ ਅਤੇ ਇਹ ਇਲਾਜ ਬਹੁਤ ਘੱਟ ਖਰਚੇ ਵਿਚ ਇਲਾਕੇ ਇਲਾਕੇ ਵਿਚ ਮੁਹੱਈਆ ਕਰਵਾਇਆ ਜਾ ਰਿਹਾ ਹੈ | ਟਰੱਸਟ ਦੇ ਮੁੱਖ ਸੇਵਾਦਾਰ ਬੀਬੀ ਸੁਸ਼ੀਲ ਕੌਰ ਨੇ ਦੱਸਿਆ ਕਿ ਬਾਕੀ ਮਰੀਜ਼ਾਂ ਦੇ ਆਪ੍ਰੇਸ਼ਨ ਵੀ ਬਹੁਤ ਜਲਦ ਕੀਤੇ ਜਾ ਰਹੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਭਾਨੂ ਯਾਦਵ, ਡਾਕਟਰ ਹਰਪ੍ਰੀਤ ਸਿੰਘ, ਗੁਰਲਾਲ ਤੇ ਹਸਪਤਾਲ ਸਟਾਫ਼ ਮੌਜੂਦ ਸੀ |