ਗੁਰੂਸਰ ਸੁਧਾਰ, 1 ਜੂਨ (ਜਗਪਾਲ ਸਿੰਘ ਸਿਵੀਆਂ)-ਪੰਜਾਬ ਹੈੱਡ ਮਾਸਟਰ ਐਸੋਸੀਏਸ਼ਨ ਨੇ ਹਿੱਸੋਵਾਲ ਨੇੜਲੇ ਇਕ ਪੈਲੇਸ ਵਿਚ ਜਨਰਲ ਇਜਲਾਸ ਕਰਵਾਇਆ ਗਿਆ ਜਿਸ ਵਿਚ ਸੂਬੇ ਭਰ ਤੋਂ ਵੱਡੀ ਗਿਣਤੀ ਵਿਚ ਸਰਕਾਰੀ ਸਕੂਲਾਂ ਦੇ ਹੈੱਡ ਮਾਸਟਰ ਸ਼ਾਮਿਲ ਹੋਏ | ਇਜਲਾਸ ਵਿਚ ਕਾਡਰ ਦੀਆਂ ਜਾਇਜ਼ ਮੰਗਾਂ, ਖਾਸ ਕਰਕੇ ਪ੍ਰਮੋਸ਼ਨ ਕੋਟੇ ਅਤੇ ਪਿ੍ੰਸੀਪਲ ਤਰੱਕੀਆਂ ਦੇ ਬੈਕਲਾਗ ਨੂੰ ਲੈ ਕੇ ਗੰਭੀਰ ਵਿਚਾਰ-ਚਰਚਾ ਹੋਈ | ਲੁਧਿਆਣਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਨੇ ਸਮੂਹ ਸਾਥੀਆਂ ਦਾ ਸਵਾਗਤ ਕੀਤਾ | ਜਨਰਲ ਸਕੱਤਰ ਜਸਵਿੰਦਰ ਸਿੰਘ ਭੁੱਲਰ ਨੇ ਐਸੋਸੀਏਸ਼ਨ ਦੀਆਂ ਪਿਛਲੀਆਂ ਪ੍ਰਾਪਤੀਆਂ ਅਤੇ ਅਗਲੀ ਰਣਨੀਤੀ ਸਾਂਝੀ ਕੀਤੀ | ਭਗਵੰਤ ਸਿੰਘ ਨੇ ਪ੍ਰਮੋਸ਼ਨ ਕੋਟੇ ਦੀ ਨਿਸ਼ਚਿਤਤਾ ਦੀ ਮੰਗ ਉਠਾਈ, ਜਦਕਿ ਬਲਜਿੰਦਰ ਸਿੰਘ ਨੇ ਲਟਕਦੀਆਂ ਪਿ੍ੰਸੀਪਲ ਤਰੱਕੀਆਂ 'ਤੇ ਰੋਸ ਜਤਾਇਆ | ਗੁਰਵਿੰਦਰ ਸਿੰਘ ਸੁਧਾਰ ਨੇ ਸਰਕਾਰ ਦੀ ਉਦਾਸੀਨਤਾ ਦੀ ਨਿੰਦਾ ਕੀਤੀ | ਅੰਤ ਵਿਚ ਕੁਲਵਿੰਦਰ ਸਿੰਘ ਕਟਾਰੀਆ ਨੇ ਸਾਰੇ ਹੈੱਡ ਮਾਸਟਰਾਂ ਦਾ ਧੰਨਵਾਦ ਕੀਤਾ ਅਤੇ ਸੰਘਰਸ਼ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ | ਸਮੂਹ ਕਾਡਰ ਨੇ ਇਕਜੁਟਤਾ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਹੱਕਾਂ ਲਈ ਲੜਾਈ ਜਾਰੀ ਰੱਖਣ ਦਾ ਪ੍ਰਣ ਲਿਆ |