ਸਿੱਧਵਾਂ ਬੇਟ, 4 ਜੂਨ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਰਾਊਵਾਲ ਦੇ ਸਾਬਕਾ ਸਰਪੰਚ ਸੁਖਮਿੰਦਰ ਸਿੰਘ ਰਾਣਾ, ਸਰਪੰਚ ਦਲਜੀਤ ਸਿੰਘ, ਲੰਬੜਦਾਰ ਕੁਲਵਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਲਜੀਤ ਸਿੰਘ ਸਮੇਤ ਪਿੰਡ ਦੇ ਕਈ ਹੋਰ ਕਿਸਾਨ ਵੀਰਾਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਾਡੇ ਪਿੰਡ ਦੇ ਕੋਲੋਂ ਲੰਘਦੀ ਸਿੱਧਵਾਂ ਬਰਾਂਚ ਨਹਿਰ ਦੇ ਨਾਲ-ਨਾਲ ਪਿੰਡ ਦੀ ਕਰੀਬ 500 ਏਕੜ ਜ਼ਮੀਨ ਲੱਗਦੀ ਹੈ, ਪਰ ਕਈ ਵਾਰ ਯਤਨ ਕਰਨ ਦੇ ਬਾਵਜੂਦ ਵੀ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਲਈ ਨਹਿਰੀ ਪਾਣੀ ਨਹੀਂ ਮਿਲ ਰਿਹਾ | ਉਕਤ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਨਹਿਰ ਵਿਚੋਂ ਇਕ ਮੋਘਾ ਕੱਢ ਕੇ ਕਿਸਾਨਾਂ ਨੂੰ ਪਾਣੀ ਦੀ ਸਹੂਲਤ ਦਿੱਤੀ ਜਾਵੇ | ਉਨ੍ਹਾਂ ਆਖਿਆ ਕਿ ਨਹਿਰ ਦਾ ਇਹ ਪਾਣੀ ਪਿੰਡ ਤੋਂ ਕਰੀਬ 10 ਮੀਲ ਅੱਗੇ ਜੱਸੋਵਾਲ ਡਰੇਨ ਰਾਹੀਂ ਸਤਲੁਜ ਦਰਿਆ ਵਿਚ ਛੱਡ ਦਿੱਤਾ ਜਾਂਦਾ ਹੈ ਜੋ ਬੇਅਰਥ ਜਾਂਦਾ ਹੈ ਇਸ ਲਈ ਪਿੰਡ ਦੇ ਨਜ਼ਦੀਕ ਜਲਦੀ ਮੋਘਾ ਕੱਢਕੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਲਈ ਨਹਿਰੀ ਪਾਣੀ ਦੀ ਸਹੂਲਤ ਦਿੱਤੀ ਜਾਵੇ | ਉਨ੍ਹਾਂ ਆਖਿਆ ਕਿ ਇਸ ਸੰਬੰਧੀ ਨਹਿਰੀ ਵਿਭਾਗ ਦੇ ਐੱਸ.ਸੀ. ਨੂੰ ਨਕਸ਼ਾ ਅਤੇ ਪੂਰੀ ਫਾਈਲ ਤਿਆਰ ਕਰਕੇ ਦਿੱਤੀ ਜਾ ਚੁੱਕੀ ਹੈ |