ਜਗਰਾਉਂ, 4 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਫਰਦ ਕੇਂਦਰਾਂ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੈਂਕਾਂ ਤੋਂ ਕਰਜ਼ੇ ਲੈਣ ਵਾਲੇ ਲੋਕ ਬੇਚੈਨੀ ਦੀ ਆਲਮ ਵਿਚ ਹਨ | ਜਾਣਕਾਰੀ ਅਨੁਸਾਰ ਇਲਾਕੇ ਵਿਚ 66 ਤੋਂ ਵੱਧ ਵਿੱਤੀ ਸੰਸਥਾਵਾਂ ਕਰਜ਼ੇ ਦਿੰਦੀਆਂ ਹਨ ਅਤੇ ਇਨ੍ਹਾਂ ਦੇ 300 ਤੋਂ ਵੱਧ ਕਰਜ਼ੇ ਦੇ ਕੇਸ ਫਸ ਗਏ ਹਨ | ਜ਼ਿਕਰਯੋਗ ਹੈ ਕਿ ਜਦੋਂ ਕੋਈ ਵੀ ਵਿਅਕਤੀ ਜ਼ਮੀਨ, ਘਰ ਜਾਂ ਵਪਾਰਕ ਜਾਇਦਾਦ 'ਤੇ ਕਰਜ਼ਾ ਲੈਂਦਾ ਹੈ ਤਾਂ ਉਸ ਜਾਇਦਾਦ ਦੀ ਫਰਦ ਵਿਚ ਵਿੱਤੀ ਸੰਸਥਾ ਕੋਲ ਗਿਰਵੀ ਹੋਣ ਦਾ ਹਵਾਲਾ (ਆੜ ਰਹਿਣ ਰਪਟ) ਦਿੱਤਾ ਜਾਂਦਾ ਹੈ | ਇਹ ਰਪਟਾਂ ਫਰਦ ਕੇਂਦਰਾਂ ਵਿਚ ਆਪਰੇਟਰਾਂ ਦੁਆਰਾ ਪਾਈਆਂ ਜਾਂਦੀਆਂ ਹਨ | ਬੇਸ਼ੱਕ ਕੁਝ ਪਟਵਾਰੀ ਆਪਣੇ ਲੈਪਟਾਪ 'ਤੇ ਵੀ ਕੰਮ ਕਰਦੇ ਹਨ ਪਰ ਜ਼ਿਆਦਾਤਰ ਪਟਵਾਰੀਆਂ ਦਾ ਕੰਮ ਫਰਦ ਕੇਂਦਰਾਂ ਵਿਚ ਹੀ ਹੁੰਦਾ ਹੈ | ਇਸ ਵੇਲੇ ਜਗਰਾਉਂ, ਰਾਏਕੋਟ, ਮੁੱਲਾਂਪੁਰ ਦਾਖਾ ਅਤੇ ਸਿੱਧਵਾਂ ਬੇਟ ਦੇ ਫਰਦ ਕੇਂਦਰ ਬੰਦ ਪਏ ਹਨ, ਜਿਸ ਕਾਰਨ ਕਰਜ਼ਾ ਲੈਣ ਵਾਲੇ ਲੋਕ ਖੱਜ਼ਲ-ਖੁਆਰ ਹੋ ਰਹੇ ਹਨ | ਜਗਰਾਉੁ ਪਟਵਾਰੀ ਭਵਨ ਵਿਚ ਸੁਖਮਿੰਦਰ ਕੌਰ ਵਾਸੀ ਬੀੜ ਨੇ ਦੱਸਿਆ ਕਿ ਉਸ ਨੇ ਜ਼ਰੂਰੀ ਲੋੜ ਲਈ ਕਰਜ਼ਾ ਲੈਣਾ ਸੀ, ਪਰ ਹੜਤਾਲ ਕਾਰਨ ਉਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੁਲਵੰਤ ਸਿੰਘ ਨੇ ਦੱਸਿਆ ਕਿ ਇਕ ਮਹੀਨਾ ਮਿਹਨਤ ਕਰਕੇ ਉਸ ਨੇ ਕਰਜ਼ਾ ਪ੍ਰਵਾਨ ਕਰਵਾਇਆ ਸੀ, ਪਰ ਹੁਣ ਹੜਤਾਲ ਕਾਰਨ ਉਹ ਖੇਤੀ ਸੰਦ ਖਰੀਦਣ ਵਿਚ ਪਛੜ ਰਿਹਾ ਹੈ | ਉਧਰ ਸਰਕਾਰ ਵੱਲੋਂ ਹਾਲੇ ਤੱਕ ਇਨ੍ਹਾਂ ਕਾਮਿਆਂ ਦੀ ਮਸਲੇ ਦਾ ਹੱਲ ਕਰਨ ਲਈ ਕਈ ਪਹਿਲਕਦਮੀ ਨਹੀਂ ਕੀਤੀ ਗਈ | ਚੇਤੇ ਰਹੇ ਕਿ ਇਹ ਕਾਮੇ ਇਕ ਕੰਪਨੀ ਤਹਿਤ ਕਈ ਸਾਲਾਂ ਤੋਂ ਕੰਮ ਕਰ ਰਹੇ ਸਨ, ਪਰ ਇਸ ਕੰਪਨੀ ਦਾ ਠੇਕਾ ਖ਼ਤਮ ਹੋ ਜਾਣ ਕਾਰਨ ਇਨ੍ਹਾਂ ਨੂੰ ਦੋ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ |